Site icon TV Punjab | Punjabi News Channel

ਸੀ.ਐੱਮ ਮਾਨ ਨੇ ਚੰਨੀ ‘ਤੇ ਲਗਾਏ ਇਲਜ਼ਾਮ, ਚੰਨੀ ਨੇ ਗੁਰੂ ਘਰ ਜਾ ਦਿੱਤੀ ਸਫਾਈ

ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੇਤਾ ਤੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਭਗਵੰਤ ਮਾਨ ਨੇ ਇਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਵੇਂ ਚਰਨਜੀਤ ਸਿੰਘ ਚੰਨੀ ਨੇ ਇਕ ਕ੍ਰਿਕਟਰ ਤੋਂ 2 ਕਰੋੜ ਦੀ ਰਿਸ਼ਵਤ ਮੰਗੀ ਸੀ। ਸੀਐੱਮ ਮਾਨ ਨੇ ਕਿਹਾ ਕਿ ਕਿੱਸਾ ਉਦੋਂ ਦਾ ਹੈ ਜਦੋਂ ਚੰਨੀ ਕ੍ਰਿਕਟ ਮੈਚ ਦੇਖਣ ਲਈ ਧਰਮਸ਼ਾਲਾ ਗਏ ਸਨ। ਉਸ ਦਿਨ ਇਕ ਖਿਡਾਰੀ ਉਨ੍ਹਾਂ ਨੂੰ ਮਿਲਿਆ ਸੀ।

ਖਿਡਾਰੀ ਨੇ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਗਿਆ ਸੀ। ਉਸ ਨੂੰ ਨੌਕਰੀ ਦੇਣ ਦੀ ਗੱਲ ਵੀ ਹੋ ਗਈ ਸੀ ਪਰ ਫਿਰ ਕਾਂਗਰਸ ਨੇ ਸੂਬੇ ਦੀ ਕਮਾਨ ਬਦਲ ਦਿੱਤੀ ਤੇ ਚਰਨਜੀਤ ਸਿੰਘ ਚੰਨੀ ਸੀਐੱਮ ਬਣ ਗਏ। ਖਿਡਾਰੀ ਦੀ ਗੱਲ ਸੁਣਨ ਦੇ ਬਾਅਦ ਚੰਨੀ ਨੇ ਉਸ ਨੂੰ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ।

CM ਮਾਨ ਨੇ ਦੱਸਿਆ ਕਿ ਜਦੋਂ ਖਿਡਾਰੀ ਚੰਨੀ ਦੇ ਭਾਣਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਕੰਮ ਹੋ ਜਾਵੇਗਾ ਪਰ ਦੋ ਲੱਗਣਗੇ ਜਿਸ ‘ਤੇ ਖਿਡਾਰੀ ਨੇ ਸੋਚਿਆ 2 ਲੱਖ ਰੁਪਏ ਲੱਗਣਗੇ। ਖਿਡਾਰੀ 2 ਲੱਖ ਲੈ ਕੇ ਚੰਨੀ ਦੇ ਭਾਣਜੇ ਕੋਲ ਪਹੁੰਚਿਆ ਪਰ ਚੰਨੀ ਦੇ ਭਾਣਜੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਕਿਉਂਕਿ ਭਾਣਜੇ ਨੇ ਕਿਹਾ ਕਿ ਦੋ ਦਾ ਮਤਲਬ ਦੋ ਕਰੋੜ ਹੁੰਦਾ ਹੈ। ਸੀਐੱਮ ਮਾਨ ਨੇ ਕਿਹਾ ਕਿ ਜਦੋਂ ਵਿਜੀਲੈਂਸ ਇਨ੍ਹਾਂ ਦੇ ਘਰ ਜਾਂਦੀ ਹੈ ਤਾਂ ਕਹਿੰਦੇ ਹਨ ਕਿ ਗਰੀਬਾਂ ਦੇ ਘਰ ਜਾ ਰਹੀ ਹੈ। ਉਨ੍ਹਾਂ ਨੂੰ ਪੁੱਛੋ ਕੀ ਕਦੇ ਵਿਜੀਲੈਂਸ ਗਰੀਬਾਂ ਦੇ ਘਰ ਵੀ ਗਈ ਹੈ ?

ਇਸ ਪਿੱਛੋਂ ਅੱਜ ਚੰਨੀ ਨੇ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਪ੍ਰਤੀ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋ ਕੇ ਗੁਰੂ ਦੀ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕੀਤਾ। ਚੰਨੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਉਨ੍ਹਾਂ ‘ਤੇ ਲਗਾਏ ਜਾ ਰਹੇ ਇਲਜ਼ਾਮ ਝੂਠੇ ਹਨ। ਜਾਨਬੁੱਝ ਕੇ ਉਨ੍ਹਾਂ ਦਾ ਨਾਂ ਭਾਣਜੇ ਨਾਲ ਜੋੜਿਆ ਜਾ ਰਿਹਾ ਹੈ । ਚੰਨੀ ਦਾ ਕਹਿਣਾ ਹੈ ਕਿ ਕ੍ਰਿਕਟਰ ਨੂੰ ਲੈ ਕੇ ਮੁੱਖ ਮੰਤਰੀ ਜੋ ਕਹਾਣੀ ਸੁਣਾ ਰਹੇ ਹਨ ,ਉਹ ਸੱਚਾਈ ਤੋਂ ਪਰੇ ਹੈ । ਉਨ੍ਹਾਂ ਕਦੇ ਵੀ ਪੈਸੇ ਦੇ ਬਦਲੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ।

Exit mobile version