ਮੌਡਰਨਾ ਦੀ ਅਪਡੇਟ ਕੀਤੀ ਕੋਵਿਡ ਵੈਕਸੀਨ ਨੂੰ ਕੈਨੇਡਾ ’ਚ ਮਿਲੀ ਮਨਜ਼ੂਰੀ

ਹੈਲਥ ਕੈਨੇਡਾ ਨੇ ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਕੈਨੇਡੀਅਨਾਂ ਲਈ ਮੌਡਰਨਾ ਦੀ ਅੱਪਡੇਟ ਕੀਤੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੌਡਰਨਾ ਵਲੋਂ ਆਪਣੇ ਨਵੇਂ ਫਾਰਮੂਲੇ ਪੇਸ਼ ਕਰਨ ਦੇ ਕਰੀਬ ਦੋ ਮਹੀਨਿਆਂ ਮਗਰੋਂ ਮੰਗਲਵਾਰ ਸਵੇਰੇ ਫੈਡਰਲ ਅਧਿਕਾਰੀਆਂ ਇਸ ਮਨਜ਼ੂਰੀ ਦੀ ਘੋਸ਼ਣਾ ਕੀਤੀ। ਅਪਡੇਟ ਕੀਤੀ ਗਈ ਨਵੀਂ mRN1-ਅਧਾਰਿਤ ਵੈਕਸੀਨ ਮੋਨੋਵੇਲੈਂਟ ਯਾਨੀ ਸਿਰਫ਼ ਇੱਕ ਵੇਰੀਐਂਟ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨ ਵਾਲੀ ਵੈਕਸੀਨ ਹੈ, ਜੋ ਓਮੀਕਰੌਨ ਦੇ X22.1.5 ਸਬਵੇਰੀਐਂਟ ਨੂੰ ਨਿਸ਼ਾਨਾ ਬਣਾਉਂਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਸਦੀਆਂ ਪਹਿਲੀਆਂ ਨਵੀਆਂ ਪ੍ਰਵਾਨਿਤ ਖੁਰਾਕਾਂ ਦੇ ਭਲਕੇ ਕੈਨੇਡਾ ਪਹੁੰਚਣ ਦੀ ਉਮੀਦ ਹੈ ਅਤੇ ਪੂਰੇ ਮਹੀਨੇ ਦੌਰਾਨ ਇਹ ਸਪਲਾਈ ਜਾਰੀ ਰਹੇਗੀ। ਉੱਧਰ ਕੈਨੇਡੀਅਨ ਅਧਿਕਾਰੀਆਂ ਨੂੰ ਉਮੀਦ ਹੈ ਕਿ ਪ੍ਰੋਵਿੰਸਾਂ ਨੂੰ ਸਪੁਰਦਗੀ ਅਕਤੂਬਰ ’ਚ ਸ਼ੁਰੂ ਹੋ ਜਾਵੇਗੀ। ਮੌਡਰਨਾ ਵੈਕਸੀਨ ਬਾਰੇ ਹੈਲਥ ਕੈਨੇਡਾ ਮੁਤਾਬਕ ਇਹ ਟੀਕਾ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਦਾ ਪਹਿਲਾਂ ਟੀਕਾਕਰਨ ਕੀਤਾ ਗਿਆ ਹੈ ਜਾਂ ਜਿਨ੍ਹਾਂ ਨੂੰ ਪਹਿਲਾਂ ਟੀਕਾ ਨਹੀਂ ਲਗਾਇਆ ਗਿਆ ਹੈ। ਹੈਲਥ ਕੈਨੇਡਾ ’ਚ ਚੀਫ਼ ਮੈਡੀਕਲ ਸਲਾਹਕਾਰ ਡਾ. ਸੁਪਿ੍ਰਆ ਸ਼ਰਮਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਕੋਵਿਡ-19 ਹੁਣ ਮੌਜੂਦ ਨਾ ਰਹੇ ਪਰ ਲੋਕ ਅਜੇ ਵੀ ਸੰਕਰਮਿਤ ਹੋ ਰਹੇ ਹਨ ਅਤੇ ਗੰਭੀਰ ਨਤੀਜਿਆਂ ਤੋਂ ਖ਼ੁਦ ਨੂੰ ਬਚਾਉਣ ਲਈ ਟੀਕਾਕਰਣ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ।
ਫ਼ੈਡਰਲ ਅਧਿਕਾਰੀਆਂ ਵਲੋਂ ਕੋਵਿਡ-19 ਵੈਕਸੀਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫ਼ੈਡਰਲ ਅਧਿਕਾਰੀਆਂ ਨੇ ਨਵੇਂ ਟੀਕਿਆਂ ਨੂੰ ਬੂਸਟਰ ਨਹੀਂ ਆਖਿਆ ਅਤੇ ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਅਪਡੇਟ ਕੀਤੀ ਨਵੀਂ ਵੈਕਸੀਨ ਸਾਲਾਨਾ ਫ਼ਲੂ ਸ਼ੌਟ ਦੇ ਸਮਾਨ ਹੈ।