ਡੈਸਕ- ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਦੇ ਹਿੱਸੇ ਆਈ ਹੈ । ਚਰਨਜੀਤ ਸਿੰਘ ਚੰਨੀ ਨੂੰ 3 ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ। ਜਦੋਂਕਿ ਭਾਜਪਾ ਦੇ ਉਮੀਦਵਾਰ ਸੁਸ਼ੀਲ ਸਿੰਘ ਰਿੰਕੂ ਨੂੰ 2,14,060 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 2,08,889 ਵੋਟਾਂ ਮਿਲੀਆਂ। ਜਦੋਂ ਕਿ ਕਾਂਗਰਸ ਛੱਡ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਮੋਹਿੰਦਰ ਕੇਪੀ ਨੂੰ 67,911 ਵੋਟਾਂ ਮਿਲੀਆਂ।
ਜਲੰਧਰ ਸੀਟ ਅੰਦਰ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਨ੍ਹਾਂ ਵਿੱਚ ਜਲੰਧਰ ਪੱਛਮੀ, ਉੱਤਰੀ, ਕੇਂਦਰੀ ਅਤੇ ਛਾਉਣੀ ਸ਼ਹਿਰ ਦੀਆਂ ਸੀਟਾਂ ਸ਼ਾਮਲ ਹਨ। ਜਦੋਂ ਕਿ ਕਰਤਾਰਪੁਰ, ਆਦਮਪੁਰ, ਫਿਲੌਰ, ਸ਼ਾਹਕੋਟ ਅਤੇ ਨਕੋਦਰ ਹਲਕੇ ਦਿਹਾਤੀ ਇਲਾਕੇ ਮੰਨੇ ਜਾਂਦੇ ਹਨ।
ਚਰਨਜੀਤ ਚੰਨੀ ਦਾ ਜਨਮ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਮਕਰਾਨਾ ਕਲਾਂ ਵਿੱਚ 2 ਮਾਰਚ 1963 ਨੂੰ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਹਰਸਾ ਸਿੰਘ ਅਤੇ ਮਾਤਾ ਦਾ ਨਾਮ ਅਜਮੇਰ ਕੌਰ ਸੀ। ਚੰਨੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਲੋਕਲ ਬਾਡੀ ਚੋਣਾਂ ਤੋਂ ਕੀਤੀ। ਉਹ ਸਾਲ 2002 ਵਿੱਚ ਖਰੜ ਨਗਰ ਕੌਂਸਲ ਦੇ ਪ੍ਰਧਾਨ ਚੁਣੇ ਗਏ। ਸਾਲ 2007 ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਵਜੋਂ ਦਾਅਵਾ ਠੋਕਿਆ ਪਰ ਉਹਨਾਂ ਨੂੰ ਕਾਂਗਰਸ ਨੇ ਟਿਕਟ ਨਹੀਂ। ਜਿਸ ਦੇ ਵਿਰੋਧ ਵਜੋਂ ਉਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਅਜ਼ਾਦ ਚੋਣ ਲੜੀ ਅਤੇ ਜਿੱਤ ਵੀ ਹਾਸਿਲ ਕੀਤੀ। ਉਹ ਕਾਂਗਰਸੀ ਉਮੀਦਵਾਰ ਨੂੰ ਹਰਾਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ। 2012 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਚੰਨੀ ਨੂੰ ਟਿਕਟ ਦਿੱਤੀ ਅਤੇ ਇਸ ਵਾਰ ਵੀ ਚੰਨੀ ਨੇ ਜਿੱਤ ਹਾਸਿਲ ਕੀਤੀ। ਸਾਲ 2015 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸਮੇਂ ਉਹ ਵਿਧਾਨ ਸਭਾ ਵਿੱਚ ਵਿਰੋਧੀਧਿਰ ਦੇ ਆਗੂ ਚੁਣੇ ਗਏ। ਵਿਰੋਧੀਧਿਰ ਦੇ ਆਗੂ ਵਜੋਂ ਉਹਨਾਂ ਦਾ ਕਾਰਜਕਾਲ 11 ਦਸੰਬਰ ਤੋਂ 2015 ਤੋਂ 11 ਨਵੰਬਰ 2016 ਤੱਕ ਰਿਹਾ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਚੰਨੀ ਨੂੰ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਇਸ ਵਾਰ ਵੀ ਚੰਨੀ ਜੇਤੂ ਰਹੇ। ਇਹ ਲਗਾਤਾਰ ਤੀਜਾ ਮੌਕਾ ਸੀ ਜਦੋਂ ਚੰਨੀ ਇਸ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ। ਇਸ ਜਿੱਤ ਦਾ ਇਨਾਮ ਵੀ ਚੰਨੀ ਨੂੰ ਮਿਲਿਆ ਅਤੇ ਉਹ ਕੈਬਨਿਟ ਮੰਤਰੀ ਬਣਾਏ ਗਏ।
ਕੈਪਟਨ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਉਹ ਪਹਿਲੇ ਅਜਿਹੇ ਵਿਅਕਤੀ ਸਨ ਜੋ SC ਸਮਾਜ ਵਿੱਚੋਂ ਆਉਂਦੇ ਸਨ। ਇਸ ਤੋਂ ਪਹਿਲਾਂ ਕੋਈ ਵੀ SC ਸਮਾਜ ਦਾ ਵਿਅਕਤੀ ਮੁੱਖ ਮੰਤਰੀ ਦੇ ਅਹੁਦੇ ਤੱਕ ਨਹੀਂ ਪਹੁੰਚਿਆ ਸੀ। ਪਰ 2022 ਦੀਆਂ ਚੋਣਾਂ ਵਿੱਚ ਚੰਨੀ ਨੇ ਚਮਕੌਰ ਸਾਹਿਬ ਅਤੇ ਭਦੌੜ ਹਲਕੇ ਤੋਂ ਚੋਣ ਲੜੀ। ਪਰ ਦੋਵੇਂ ਹੀ ਥਾਵਾਂ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।