ਟੀਮ ਇੰਡੀਆ ਦੀ ‘ਨਵੀਂ ਦੀਵਾਰ’ ਚੇਤੇਸ਼ਵਰ ਪੁਜਾਰਾ ਸ਼ਾਨਦਾਰ ਫਾਰਮ ‘ਚ ਹੈ। ਕਾਊਂਟੀ ਕ੍ਰਿਕਟ ‘ਚ ਕਪਤਾਨ ਬਣਦੇ ਹੀ ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਲਗਾਇਆ ਹੈ। ਪੁਜਾਰਾ ਦਾ ਮੌਜੂਦਾ ਸੈਸ਼ਨ ‘ਚ ਸਸੈਕਸ ਲਈ ਸੱਤ ਮੈਚਾਂ ‘ਚ ਇਹ ਪੰਜਵਾਂ ਸੈਂਕੜਾ ਹੈ। ਦੂਜੇ ਪਾਸੇ ਭਾਰਤੀ ਟੀਮ ਦੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੇ ਆਪਣੇ ਕਾਊਂਟੀ ਕ੍ਰਿਕਟ ਡੈਬਿਊ ‘ਚ 4 ਵਿਕਟਾਂ ਲੈ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਚੇਤੇਸ਼ਵਰ ਪੁਜਾਰਾ 182 ਗੇਂਦਾਂ ‘ਤੇ 10 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 115 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਦੇ ਨਾਬਾਦ ਸੈਂਕੜੇ ਦੇ ਦਮ ‘ਤੇ ਸਸੇਕਸ ਨੇ ਲਾਰਡਸ ‘ਚ ਮਿਡਲਸੈਕਸ ਦੇ ਖਿਲਾਫ ਕਾਊਂਟੀ ਚੈਂਪੀਅਨਸ਼ਿਪ ਡਿਵੀਜ਼ਨ II ਦੇ ਮੈਚ ਦੇ ਪਹਿਲੇ ਦਿਨ ਆਪਣੀ ਪਹਿਲੀ ਪਾਰੀ ‘ਚ 4 ਵਿਕਟਾਂ ‘ਤੇ 328 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਇਸ ਤੋਂ ਪਹਿਲਾਂ ਮਿਡਲਸੈਕਸ ਨੇ ਟਾਸ ਜਿੱਤ ਕੇ ਸਸੇਕਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।
ਪੁਜਾਰਾ ਨੇ ਤੀਜੀ ਵਿਕਟ ਲਈ 219 ਦੌੜਾਂ ਜੋੜੀਆਂ
ਸਸੈਕਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਉਸ ਨੇ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਸਲਾਮੀ ਬੱਲੇਬਾਜ਼ ਐਲਿਸਟੇਅਰ ਓਰ ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਟਾਮ ਅਲੋਪ ਅਤੇ ਟਾਮ ਕਲਾਰਕ ਨੇ ਦੂਜੇ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਭਾਲਿਆ। ਕਲਾਰਕ ਦੇ ਆਊਟ ਹੋਣ ਤੋਂ ਬਾਅਦ ਅਲਸੋਪ ਨੇ ਪੁਜਾਰਾ ਨਾਲ ਮਿਲ ਕੇ ਤੀਜੀ ਵਿਕਟ ਲਈ 219 ਦੌੜਾਂ ਦੀ ਸਾਂਝੇਦਾਰੀ ਕਰਕੇ ਆਪਣੀ ਟੀਮ ਦਾ ਸਕੋਰ 318 ਤੱਕ ਪਹੁੰਚਾਇਆ। ਅਲੋਸਪ ਨੇ 277 ਗੇਂਦਾਂ ‘ਤੇ 135 ਦੌੜਾਂ ਦੀ ਪਾਰੀ ਖੇਡੀ। ਮਿਡਲਸੈਕਸ ਲਈ ਟਾਮ ਹੈਲਮ ਨੇ 3 ਵਿਕਟਾਂ ਲਈਆਂ।
ਵਾਸ਼ਿੰਗਟਨ ਸੁੰਦਰ ਨੇ 69 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੇ ਨਾਰਥੈਂਪਟਨਸ਼ਾਇਰ ਖਿਲਾਫ ਲੰਕਾਸ਼ਾਇਰ ਲਈ 20 ਓਵਰਾਂ ‘ਚ 69 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਸੁੰਦਰ ਨੇ ਵਿਲ ਯੰਗ, ਰੌਬ ਕੀਓ, ਰਿਆਨ ਰਿਕਲਟਨ ਅਤੇ ਟਾਮ ਟੇਲਰ ਦੀਆਂ ਵਿਕਟਾਂ ਲਈਆਂ। ਸੁੰਦਰ ਨੇ ਆਪਣਾ ਆਖਰੀ ਫਰਸਟ ਕਲਾਸ ਮੈਚ ਪਿਛਲੇ ਸਾਲ ਜੁਲਾਈ ‘ਚ ਖੇਡਿਆ ਸੀ। 22 ਸਾਲਾ ਵਾਸ਼ਿੰਗਟਨ ਸੁੰਦਰ ਹੱਥ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਸੁੰਦਰ ਪਿਛਲੇ ਸਾਲ ਜੁਲਾਈ ‘ਚ ਉਂਗਲੀ ਦੀ ਸੱਟ ਤੋਂ ਬਾਅਦ ਲੰਬੇ ਫਾਰਮੈਟ ‘ਚ ਵਾਪਸੀ ਕਰ ਰਿਹਾ ਹੈ।