ਜਲੰਧਰ : ਜ਼ਿਲ੍ਹਾ ਬਾਲ ਭਲਾਈ ਕਾਊਂਸਲ, ਜਲੰਧਰ ਵੱਲੋਂ ਬਾਲ ਦਿਵਸ ਸਬੰਧੀ ਸਲਾਨਾ ਜ਼ਿਲ੍ਹਾ ਪੱਧਰੀ ਸਮਾਗਮ 16 ਨਵੰਬਰ, 2021 ਨੂੰ ਸਵੇਰੇ 10 ਵਜੇ ਰੈਡ ਕਰਾਸ ਭਵਨ, ਲਾਜਪਤ ਨਗਰ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਨਰੇਰੀ ਸੈਕਟਰੀ ਰੰਜਨਾ ਬਾਂਸਲ ਨੇ ਦੱਸਿਆ ਕਿ ਸਮਾਗਮ ਦੌਰਾਨ ਸਕੂਲੀ ਬੱਚਿਆਂ ਦੇ ਸਕਿੱਟ, ਵਾਦ-ਵਿਵਾਦ, ਲੇਖ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ‘ਆਨਲਾਈਨ ਸਕੂਲਾਂ ਦੇ ਤਜਰਬੇ’ ਵਿਸ਼ੇ ‘ਤੇ ਸਕਿੱਟ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ ਸਮਾਂ ਸੀਮਾ 3-4 ਮਿੰਟ ਹੋਵੇਗੀ ਅਤੇ 3-4 ਬੱਚੇ ਸਕਿੱਟ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 12-16 ਉਮਰ ਵਰਗ ਦੇ ਵਿਦਿਆਰਥੀ ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ।
ਇਸੇ ਤਰ੍ਹਾਂ ‘ਵਿਦਿਆਰਥੀਆਂ ‘ਤੇ ਕੋਵਿਡ ਦੇ ਪ੍ਰਭਾਵ’ ਵਿਸ਼ੇ ‘ਤੇ ਵਾਦ-ਵਿਵਾਦ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ 3 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਇਸ ਮੁਕਾਬਲੇ ਵਿੱਚ 8-12 ਉਮਰ ਵਰਗ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।
ਲੇਖ ਮੁਕਾਬਲੇ ‘ਅਸੀਂ ਮਹਾਂਮਾਰੀ ਤੋਂ ਕੀ ਸਿੱਖਿਆ’ ਵਿਸ਼ੇ ‘ਤੇ ਕਰਵਾਏ ਜਾਣਗੇ, ਜਿਸ ਲਈ ਸ਼ਬਦ ਸੀਮਾ 300 ਸ਼ਬਦ ਹੋਵੇਗੀ। ਲੇਖ ਲਿਖਣ ਲਈ ਪ੍ਰਤੀਯੋਗੀਆਂ ਨੂੰ ਇਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ ਅਤੇ ਵਿਦਿਆਰਥੀ ਮੁਕਾਬਲੇ ਲਈ ਕਾਰਡ ਬੋਰਡ ਆਪਣੇ ਨਾਲ ਲੈ ਕੇ ਆਉਣਗੇ।
ਇਸ ਮੁਕਾਬਲੇ ਵਿਚ 16-18 ਉਮਰ ਵਰਗ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ‘ਅਸੀਂ ਕੋਵਿਡ ਦੇ ਦੈਤ ਨਾਲ ਕਿਵੇਂ ਲੜ ਸਕਦੇ ਹਾਂ’ ਵਿਸ਼ੇ ‘ਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ ਸਮਾਂ ਸੀਮਾ 2-3 ਮਿੰਟ ਹੋਵੇਗੀ।
ਇਸ ਮੁਕਾਬਲੇ ਵਿਚ 6-8 ਉਮਰ ਵਰਗ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਸਕਿੱਟ ਮੁਕਾਬਲੇ ਨੂੰ ਛੱਡ ਕੇ ਹਰੇਕ ਮੁਕਾਬਲੇ ਵਿਚ ਪ੍ਰਤੀ ਸਕੂਲ ਸਿਰਫ਼ ਇਕ ਬੱਚਾ ਹੀ ਭਾਗ ਲੈ ਸਕਦਾ ਹੈ।
ਆਨਰੇਰੀ ਸੈਕਟਰੀ ਨੇ ਅੱਗੇ ਦੱਸਿਆ ਕਿ ਸਾਰੇ ਮੁਕਾਬਲਿਆਂ ਲਈ ਮਾਧਿਅਮ ਪੰਜਾਬੀ ਹੋਵੇਗਾ ਅਤੇ ਲੇਖ ਰਚਨਾ ਲਈ ਸ਼ੀਟ ਕਾਊਂਸਲ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸਾਰੇ ਮੁਕਾਬਲਿਆਂ ਲਈ ਐਂਟਰੀ ਫੀਸ 100 ਰੁਪਏ ਪ੍ਰਤੀ ਸਕੂਲ ਹੈ ਅਤੇ 15 ਨਵੰਬਰ, 2021 ਤੱਕ ਰੈਡ ਕਰਾਸ ਭਵਨ, ਲਾਜਪਤ ਨਗਰ, ਜਲੰਧਰ ਵਿਖੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।
ਟੀਵੀ ਪੰਜਾਬ ਬਿਊਰੋ