Site icon TV Punjab | Punjabi News Channel

ਚੀਨ ’ਚ ਇਕ ਹਜ਼ਾਰ ਸਾਲ ਦਾ ਸਭ ਤੋਂ ਭਿਆਨਕ ਹੜ੍ਹ, ਹੇਨਾਨ ਸੂਬੇ ‘ਚ ਨਦੀ ਦਾ ਰੁਖ਼ ਮੋੜਨ ਲਈ ਫੌਜ ਨੇ ਬੰਨ੍ਹ ਨੂੰ ਬੰਬ ਨਾਲ਼ ਉਡਾਇਆ

ਬੀਜਿੰਗ- ਚੀਨ ਦੇ ਹੇਨਾਨ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਰਿਪੋਰਟ ਮੁਤਾਬਕ ਪਿਛਲੇ ਇਕ ਹਜ਼ਾਰ ਸਾਲ ਤੋਂ ਕਦੇ ਵੀ ਅਜਿਹਾ ਮੀਂਹ ਨਹੀਂ ਪਿਆ। ਇਸ ਭਿਆਨਕ ਮੀਂਹ ਕਾਰਨ ਇੱਥੇ ਹਡ਼੍ਹ ਵਰਗੇ ਹਾਲਾਤ ਬਣ ਗਏ ਹਨ।

ਸ਼ਹਿਰਾਂ ਵਿਚ ਪਾਣੀ ਭਰਨ ਕਾਰਨ ਬਾਜ਼ਾਰ ਅਤੇ ਦਫਤਰ ਡੁੱਬ ਚੁੱਕੇ ਹਨ। ਸੁਰੰਗ ’ਚ ਫਸੀ ਮੈਟਰੋ ’ਚ ਪਾਣੀ ਭਰ ਗਿਆ ਅਤੇ ਸਟੇਸ਼ਨਾਂ ’ਤੇ ਲੋਕ ਫਸੇ ਹੋਏ ਹਨ। ਯਿਚੁਆਨ ਦੇ ਡੈਮ ’ਚ ਦਰਾੜ ਆਉਣ ਕਾਰਨ ਉਸ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕਈ ਡੈਮ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੇਨਾਨ ਸੂਬੇ ‘ਚ ਨਦੀ ਦਾ ਰੁਖ਼ ਮੋੜਨ ਲਈ ਫੌਜ ਨੂੰ ਬੰਨ੍ਹ ਨੂੰ ਬੰਬ ਨਾਲ਼ ਉੜਾਉਣਾ ਪਿਆ।

ਗਲੋਬਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਹੜ੍ਹ ਕਾਰਨ 12 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਮੈਟਰੋ ਟਰੇਨ ’ਚ ਤੇਜ਼ੀ ਨਾਲ ਵਧ ਰਹੇ ਹਡ਼੍ਹ ਦੇ ਪਾਣੀ ਕਾਰਨ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ। ਝੋਂਗਝੋਊ ਰੇਲਵੇ ਸਟੇਸ਼ਨ ਤੋਂ ਆਉਣ-ਜਾਣ ਵਾਲੀਆਂ ਲਗਪਗ 160 ਟਰੇਨਾਂ ਰੋਕ ਦਿੱਤੀਆਂ ਗਈਆਂ ਹਨ। ਹਜ਼ਾਰਾਂ ਲੋਕ ਬਿਨਾਂ ਬਿਜਲੀ-ਪਾਣੀ ਦੇ ਰਹਿਣ ਲਈ ਮਜਬੂਰ ਹਨ। ਸੈਂਕਡ਼ੇ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।ਹੇਨਾਨ ਦੇ ਇਕ ਦਰਜਨ ਸ਼ਹਿਰਾਂ ਵਿਚ ਹੜ੍ਹ ਦਾ ਪਾਣੀ ਪੂਰੀ ਤਰ੍ਹਾਂ ਭਰ ਚੁੱਕਾ ਹੈ। ਤਾਜਾ ਜਾਣਕਾਰੀ ਮੁਤਾਬਕ ਹੁਣ ਤਕ 25 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਸੈਂਕੜੇ ਲੋਕ ਲਾਪਤਾ ਹਨ।

ਹੁਣ ਤੱਕ ਪੌਣੇ ਦੋ ਲੱਖ ਤੋਂ ਵੱਧ ਲੋਕਾਂ ਨੂੰ ਰਾਹਤ ਦਲਾਂ ਨੇ ਸੁਰੱਖਿਆ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਹਡ਼੍ਹ ’ਚ ਘਿਰੀਆਂ ਸਬ-ਵੇਅ ਟਰੇਨਾਂ ’ਚੋਂ 500 ਲੋਕਾਂ ਨੂੰ ਰਾਹਤ ਦਲਾਂ ਨੇ ਸੁਰੱਖਿਅਤ ਬਚਾਅ ਲਿਆ ਹੈ।
ਮੌਸਮ ਵਿਭਾਗ ਦਾ ਅਗਲੇ ਤਿੰਨ ਦਿਨਾਂ ਤਕ ਹੇਨਾਨ ਵਿਚ ਵਿਚ ਬਾਰਸ਼ ਦਾ ਅਨੁਮਾਨ ਹੈ। ਝੋਂਗਝੋਊ ਵਿਚ ਸ਼ਨਿਚਰਵਾਰ ਤੋਂ ਮੰਗਲਵਾਰ ਤਕ 617.1 ਮਿਲੀਮੀਟਰ ਤਕ ਬਾਰਸ਼ ਹੋਈ ਸੀ। ਇਹ ਪੂਰੇ ਸਾਲ ਦੀ ਔਸਤਨ 640.8 ਮਿਲੀਮੀਟਰ ਬਾਰਸ਼ ਦੇ ਬਰਾਬਰ ਹੈ। ਅਜਿਹੀ ਬਾਰਸ਼ ਇਕ ਹਜ਼ਾਰ ਸਾਲ ਵਿਚ ਇਕ ਵਾਰ ਹੀ ਹੁੰਦੀ ਹੈ।

ਟੀਵੀ ਪੰਜਾਬ ਬਿਊਰੋ

Exit mobile version