ਝੌਨੇ ਦੀ ਸੀਜ਼ਨ ਨੂੰ ਵੇਖ ਸੀ.ਐੱਮ ਮਾਨ ਨੇ ਕੇਂਦਰ ਨੂੰ ਭੇਜੀ ਚਿੱਠੀ. ਕੀਤੀ ਖਾਸ ਮੰਗ

ਡੈਸਕ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਦੌਰਾਨ ਉਨ੍ਹਾਂ ਨੇ ਝੋਨੇ ਦੇ ਸੀਜ਼ਨ ਲਈ ਕੇਂਦਰੀ ਪੂਲ ਤੋਂ ਬਿਜਲੀ ਦੀ ਮੰਗ ਕੀਤੀ ਹੈ। 15 ਜੂਨ ਤੋਂ 15 ਅਕਤੂਬਰ ਤੱਕ 1000 ਮੈਗਾਵਾਟ ਬਿਜਲੀ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਗਰਮੀ ਵਧਣ ਕਾਰਨ ਪੰਜਾਬ ਵਿਚ ਬਿਜਲੀ ਦੀ ਮੰਗ ਵਧੀ ਹੈ। ਉਧਰ, ਪਾਵਰਕੌਮ ਨੇ ਮੀਂਹ ਪੈਣ ਕਾਰਨ ਬੰਦ ਕੀਤੇ ਹੋਏ ਥਰਮਲ ਪਲਾਟਾਂ ਦੇ ਯੂਨਿਟਾਂ ਨੂੰ ਮੁੜ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਮੈਨੇਜਮੈਂਟ ਵੱਲੋਂ ਬਿਜਲੀ ਦੀ ਮੰਗ ਵਧਣ ਉਪਰੰਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ-ਤਿੰਨ ਯੂਨਿਟਾਂ ਨੇ ਬਿਜਲੀ ਉਤਪਾਦਨ ਸ਼ੁਰੂ ਕਰ ਦਿੱਤਾ ਹੈ।

ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 710 ਮੈਗਾਵਾਟ ਸਮਰੱਥਾ ਵਾਲੇ 1 ਨੰਬਰ, 3 ਨੰਬਰ ਅਤੇ 4 ਨੰਬਰ ਯੂਨਿਟਾਂ ਰਾਹੀਂ 650 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1329 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਰਾਹੀਂ 496 ਮੈਗਾਵਾਟ ਅਤੇ ਤਲਵੰਡੀ ਸਾਬੋ ਦੇ 1320 ਮੈਗਾਵਾਟ ਸਮਰੱਥਾ ਵਾਲੇ 1 ਨੰਬਰ ਅਤੇ 3 ਨੰਬਰ ਯੂਨਿਟਾਂ ਨੇ 1183 ਮੈਗਾਵਾਟ ਬਿਜਲੀ ਪੈਦਾ ਕੀਤੀ।

ਹੁਣ ਤੱਕ ਲਗਾਤਾਰ ਹੁੰਦੀ ਰਹੀ ਬਾਰਸ਼ ਕਾਰਨ ਬਿਜਲੀ ਦੀ ਮੰਗ ਇੰਨੀ ਨਹੀਂ ਸੀ, ਪਰ ਹੁਣ ਇਕ ਤਾਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਅਤੇ ਉਤੋਂ ਗਰਮੀ ਵਧਣ ਕਾਰਨ ਪਾਵਰਕੌਮ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ।