ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਐਮਐਲਸੀ ਬਲਵੰਤ ਸਿੰਘ ਰਾਮੂਵਾਲੀਆ ਨੇ 24 ਨਵੰਬਰ ਤੋਂ ਪੰਜਾਬ ਵਿਚ ਲੋਕ ਸੇਵਾ ਸਰਗਰਮੀਆਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸ ਲਈ ਉਹਨਾਂ ਨੇ ਲੋਕ ਭਲਾਈ ਪਾਰਟੀ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਇਕ ਮੀਟਿੰਗ 24 ਨਵੰਬਰ ਨੂੰ ਲੁਧਿਆਣਾ ਵਿਖੇ ਸੱਦੀ ਹੈ। ਇੱਥੋਂ ਬਿਆਨ ਜਾਰੀ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਲੋਕ ਭਲਾਈ ਪਾਰਟੀ ਦੇ 2012 ਵਿਚ ਲਗਪਗ 46000 ਮੈਂਬਰ ਸਨ।
ਜਿਨ੍ਹਾਂ ਵਿਚੋਂ 90 ਪ੍ਰਤੀਸ਼ਤ ਮੈਂਬਰਾਂ ਨੇ ਉਹਨਾਂ ਨੂੰ ਮੁੜ ਸਰਗਰਮ ਹੋਣ ਦੀ ਸਹਿਮਤੀ ਦੇ ਦਿੱਤੀ ਹੈ। ਰਾਮੂਵਾਲੀਆ ਨੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਸੰਪੂਰਨ ਰੂਪ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਤੋਂ ਸੇਧ ਲੈ ਕੇ ਆਪਣੀ ਜਥੇਬੰਦੀ ਰਾਹੀਂ ਕੀਤੀਆਂ ਜਾਣਗੀਆਂ।
ਰਾਮੂਵਾਲੀਆ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਦੇਣ ਦਾ ਫ਼ੈਸਲਾ ਜਨਰਲ ਸਰਦਾਰ ਹਰੀ ਸਿੰਘ ਨਲੂਏ ਵੱਲੋਂ ਜਮਰੌਦ ਫ਼ਤਹਿ ਕਰਨ ਵਰਗਾ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਭਰਤੀ ਦੀ ਟਾਟਾ ਕੰਸਲਟੈਂਸੀ ਸਰਵਿਸਿਜ਼ ਮੁੰਬਈ ਵੱਲੋਂ ਭਰਤੀ ਨੂੰ ਰੱਦ ਕਰਕੇ ਪੰਜਾਬ ਪੁਲਿਸ ਅਤੇ ਉਸ ਦੇ ਅਫ਼ਸਰਾਂ ਦੀ ਬੇਰਹਿਮ ਬੇਇੱਜ਼ਤੀ ਖਤਮ ਕੀਤੀ ਜਾਵੇ ਇਸ ਨਾਲ ਸਾਰੇ ਵੱਡੇ ਛੋਟੇ ਅਫਸਰ ਸਾਹਿਬਾਨਾਂ ਅਤੇ ਪੁਲਿਸ ਸ਼ਕਤੀ ਦੀ ਹੋਈ ਬੇਇਜ਼ਤੀ ਮੁੜ ਇਸ ਸਨਮਾਨ ਵਿਚ ਬਹਾਲ ਹੋ ਜਾਵੇਗੀ।
ਪੁਲਿਸ ਭਰਤੀ ਦਾ ਇਹ ਘਟੀਆ ਫ਼ੈਸਲਾ ਪਟਿਆਲਾ ਦੇ ਇਕ ਸਾਬਕਾ ਰਿਆਸਤੀ ਘਰਾਣੇ ਅਤੇ ਲੰਬੀ ਇਲਾਕੇ ਦੇ ਇਕ ਰਜਵਾੜਾਸ਼ਾਹੀ ਪਰਿਵਾਰ ਦੀ ਪੰਜਾਬ ਨਾਲ ਉਵੇਂ ਦੀ ਗੱਦਾਰੀ ਹੈ ਜਿਵੇਂ ਕਿ ਗੰਗੂ ਬੇਈਮਾਨ ਨੇ ਮਾਤਾ ਗੁਜਰੀ ਜੀ ਦੀ ਪੂੰਜੀ ਚੋਰੀ ਕੀਤੀ ਸੀ।
ਭਾਰਤ ਦੇ 31 ਸੂਬਿਆਂ ਵਿਚੋਂ ਸਿਰਫ਼ ਪੰਜਾਬ ਹੀ ਹੈ ਜਿਸ ਦੇ ਅਫ਼ਸਰਾਂ ਨੂੰ ਟਾਟਾ ਕੰਸਲਟੈਂਸੀ (ਕਲਰਕਾਂ) ਦੇ ਹੁਕਮਾਂ ਅੱਗੇ ਸਲੂਟ ਮਾਰਨੇ ਪਏ ਕਿਉਂਕਿ ਟਾਟਾ ਕੰਸਲਟੈਂਸੀ ਦੇ ਕਲਰਕਾਂ ਨੇ ਜਿਹੜੀ ਦਬੜੂ ਘੁਸੜੂ ਭਰਤੀ ਕੀਤੀ ਪੰਜਾਬ ਦੇ ਅਫ਼ਸਰਾਂ ਨੂੰ ਉਸ ਨੂੰ ਸਲੂਟ ਮਾਰ ਕੇ ਸਵੀਕਾਰ ਕਰਨਾ ਪਿਆ।
ਟੀਵੀ ਪੰਜਾਬ ਬਿਊਰੋ