ਡੈਸਕ- ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅੱਜ ਯਾਨੀ ਸੋਮਵਾਰ ਨੂੰ ਉਨ੍ਹਾਂ ਦੇ ਘਰ ਆਉਣਗੇ। ਸੂਤਰਾਂ ਮੁਤਾਬਕ ਬਾਜਵਾ ਉਨ੍ਹਾਂ ਨੂੰ ਮਨਾਉਣ ਲਈ ਬਲਕੌਰ ਸਿੰਘ ਦੇ ਘਰ ਜਾ ਰਹੇ ਹਨ। ਕੱਲ੍ਹ ਚਰਚਾ ਸ਼ੁਰੂ ਹੋ ਗਈ ਸੀ ਕਿ ਬਲਕੌਰ ਸਿੰਘ ਕਾਂਗਰਸ ਵੱਲੋਂ ਨਹੀਂ ਸਗੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਆਜ਼ਾਦ ਚੋਣ ਲੜਨ ਦੀ ਚਰਚਾ ਤੋਂ ਬਾਅਦ ਕਾਂਗਰਸ ਉਨ੍ਹਾਂ ਨੂੰ ਮਨਾਉਣ ‘ਚ ਲੱਗੀ ਹੋਈ ਸੀ। ਇਹ ਵੀ ਚਰਚਾ ਹੈ ਕਿ ਕਾਂਗਰਸ ਬਠਿੰਡਾ ਤੋਂ ਬਲਕੌਰ ਸਿੰਘ ਨੂੰ ਟਿਕਟ ਦੇ ਸਕਦੀ ਹੈ। ਉਂਜ, ਹਾਲ ਹੀ ਵਿੱਚ ਚੋਣ ਲੜਨ ਬਾਰੇ ਆਪਣੀ ਹਵੇਲੀ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਦੀ ਗੱਲ ਕਹੀ ਸੀ। ਜਾਣਕਾਰੀ ਅਨੁਸਾਰ ਹੁਣ ਜਦੋਂ ਕਿ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਸੰਸਾਰ ਵਿੱਚ ਆ ਗਿਆ ਹੈ ਅਤੇ ਚਰਨ ਕੌਰ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤਾਂ ਬਲਕੌਰ ਸਿੰਘ ਚੋਣ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ। ਕੱਲ੍ਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿਆਸਤ ਵਿੱਚ ਆਉਣ ਦੀ ਗੱਲ ਕਹੀ ਸੀ।
ਹਵੇਲੀ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ – “ਜੇ ਅਸੀਂ ਰਾਜਨੀਤੀ ਵਿੱਚ ਆਵਾਂਗੇ ਤਾਂ ਲੋਕ ਕਹਿਣਗੇ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਰਾਜਨੀਤੀ ਕਰਦੇ ਹਨ।” ਪਰ ਇੱਕ ਸਿਆਸਤਦਾਨ ਅਤੇ ਇੱਕ ਆਮ ਆਦਮੀ ਵਿੱਚ ਫਰਕ ਇਹ ਹੈ ਕਿ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ ਅਤੇ ਮੇਰੇ ਪੁੱਤਰ ਨੂੰ ਏ.ਕੇ.-47 ਨਾਲ ਕਤਲ ਕਰ ਦਿੱਤਾ ਗਿਆ ਸੀ।
ਸਾਬਕਾ ਸੀਐਮ ਦਾ ਪੋਤਾ ਐਮਪੀ ਸੀ, ਉਸ ਨੇ ਦੋਸ਼ੀਆਂ ਨੂੰ ਸਜ਼ਾ ਦਵਾਈ, ਸਾਜ਼ਿਸ਼ ਕਰਨ ਵਾਲੇ ਫੜੇ ਗਏ ਅਤੇ ਅਦਾਲਤਾਂ ਨੇ ਵੀ ਸਜ਼ਾਵਾਂ ਦਿੱਤੀਆਂ। ਬੇਅੰਤ ਸਿੰਘ ਦੇ ਦੋਸ਼ੀਆਂ ਨੂੰ ਮਿਲੀ ਸਜ਼ਾ ਤਾਂ ਉਹ ਭੁਗਤ ਚੁੱਕੇ ਹਨ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਹਿਸ ਹਿਸਾਬ ਨਾਲ ਹੁਣ ਦੁੱਗਣੀ ਸਜ਼ਾ ਭੁਗਤ ਰਹੇ ਹਨ। ਫਿਰ ਕਿਉਂ ਨਾ ਅਸੀਂ ਵੀ ਰਾਜਨੀਤੀ ਵਿੱਚ ਆ ਕੇ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰੀਏ।