Victoria- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਇਸ ਵੇਲੇ ਪੈ ਰਹੀ ਭਿਆਨਕ ਗਰਮੀ ਕਾਰਨ ਲੋਕ ਹਾਲੋ-ਬੇਹਾਲ ਹੋਏ ਪਏ ਹਨ ਅਤੇ ਗਰਮੀ ਦਾ ਇਹ ਸਿਲਸਿਲਾ ਅਜੇ ਕੁਝ ਦਿਨ ਇਸੇ ਤਰ੍ਹਾਂ ਰਹਿਣ ਵਾਲਾ ਹੈ। ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਮੁਤਾਬਕ ਇਸ ਹਫ਼ਤੇ ਬਿ੍ਰਟਿਸ਼ ਕੋਲੰਬੀਆ ਦੇ ਦੱਖਣੀ ਤੱਟ ’ਤੇ ਤਾਪਮਾਨ 30 ਡਿਗਰੀ ਸੈਲਸੀਅਸ ਜਾਂ ਇਸ ਦੇ ਆਸ-ਆਸ ਰਹਿਣ ਵਾਲਾ ਹੈ, ਜਿਹੜਾ ਕਿ ਸਾਲ ਦੇ ਇਸ ਸਮੇਂ ਔਸਤ ਤੋਂ ਕਾਫ਼ੀ ਵੱਧ ਹੈ। ਰਿਕਾਰਡ ਤੋੜਨ ਵਾਲੀ ਜੰਗਲੀ ਅੱਗ ਅਤੇ ਲਗਾਤਾਰ ਸੋਕੇ ਵਿਚਾਲੇ ਸੂਬੇ ’ਚ ਲਗਾਤਾਰ ਚੱਲਣ ਵਾਲੀ ਗਰਮੀ ਦੀ ਇਹ ਲਹਿਰ ਰਿਕਾਰਡ ਤੋੜਨ ਵਾਲੀ ਹੈ। ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਦੇ ਮੌਸਮ ਵਿਗਿਆਨੀ ਟੈਰੀ ਲੈਂਗ ਨੇ ਕਿਹਾ ਕਿ ਅਸਲ ’ਚ ਸਾਡੇ ਕੋਲ ਕੋਈ ਲੰਬੀ ਜਾਂ ਵਿਸਥਾਰਿਤ ਗਰਮੀ ਦੀ ਘਟਨਾ ਨਹੀਂ ਹੈ, ਇਸ ਲਈ ਅਸੀਂ ਇਸ ਨੂੰ ਖ਼ਤਰੇ ਦੀ ਘੰਟੀ ਮਹਿਸੂਸ ਕਰ ਰਹੇ ਹਾਂ।
ਸੂਬੇ ਦੇ ਕਈ ਸ਼ਹਿਰਾਂ ਨੇ ਕੂਲਿੰਗ ਸੈਂਟਰ ਖੋਲ੍ਹ ਦਿੱਤੇ ਹਨ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਿੱਥੇ ਵੀ ਹਨ, ਇਨ੍ਹਾਂ ’ਚ ਰਾਹਤ ਲੈਣ। ਹਾਲਾਂਕਿ ਇਸ ਮੌਸਮ ਨੂੰ ਅਧਿਕਾਰਕ ਤੌਰ ’ਤੇ ਹੀਟ ਐਮਰਜੈਂਸੀ ਨਹੀਂ ਐਲਾਨਿਆ ਗਿਆ ਹੈ ਪਰ ਫਿਰ ਵੀ ਤਾਪਮਾਨ ਦਾ ਇਹ ਵਾਧਾ ਬਜ਼ੁਰਗਾਂ ਸਮੇਤ ਕਮਜ਼ੋਰ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਬਾਰੇ ’ਚ ਗੱਲਬਾਤ ਕਰਦਿਆਂ ਸੀਨੀਅਰ ਨਾਗਰਿਕਾਂ ਦੇ ਵਕੀਲ ਇਸੋਬੇਲ ਮੈਕੇਂਜੀ ਨੇ ਕਿਹਾ ਕਿ ਗਰਮੀ ਦੀਆਂ ਇਹ ਲਹਿਰਾਂ ਬਜ਼ੁਰਗਾਂ ਲਈ ਹੀਟ ਐਮਰਜੈਂਸੀ ਹੋ ਸਕਦੀਆਂ ਹਨ, ਖ਼ਾਸ ਤੌਰ ’ਤੇ ਉਨ੍ਹਾਂ ਲਈ ਜਿਹੜੇ ਅਪਾਰਟਮੈਂਟਾਂ ਜਾਂ ਫਿਰ ਕਮਰਿਆਂ ’ਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਬਾਰੇ ਚਿਤਾਵਨੀ ਦੇਣ ’ਚ ਕੁਝ ਤਰੱਕੀ ਤਾਂ ਕੀਤੀ ਹੈ ਪਰ ਫਿਰ ਵੀ ਗਰਮੀ ਦੇ ਸੰਭਾਵੀ ਤੌਰ ’ਤੇ ਖ਼ਤਰਨਾਕ ਹੋਣ ਦੀ ਸਥਿਤੀ ’ਚ ਲੋਕਾਂ ਨੂੰ ਠੰਢੀਆਂ ਥਾਵਾਂ ’ਤੇ ਪਹੁੰਚਾਉਣ ਲਈ ਇੱਕ ਸਹੀ ਯੋਜਨਾ ਦੀ ਲੋੜ ਹੈ।