ਫਿਰ ਸ਼ੁਰੂ ਹੋਇਆ ਕੋਰੋਨਾ ਦਾ ਕਹਿਰ , 8822 ਨਵੇਂ ਕੇਸਾਂ ਨੇ ਵਧਾਈ ਚਿੰਤਾ

ਨਵੀਂ ਦਿੱਲੀ- ਇਕ ਲੰਮੇ ਬ੍ਰੇਕ ਤੋਂ ਬਾਅਦ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੀ ਮੁੜ ਤੋਂ ਵਾਪਸੀ ਹੁਮਦੀ ਦਿਖਾਈ ਦੇ ਰਹੀ ਹੈ । ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 8822 ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ ਤਿੰਨ ਮਹੀਨਿਆਂ ਦੇ ਅੰਦਰ ਇਹ ਸਭ ਤੋਂ ਵੱਧ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇੱਕ ਦਿਨ ਵਿਚ 15 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 3089 ਤੋਂ ਵਧ ਕੇ 53,637 ਹੋ ਗਈ ਹੈ। ਰੋਜ਼ਾਨਾ ਸੰਕਰਮਣ ਦਰ 2 ਫੀਸਦੀ ਹੀ ਹੈ। ਪਿਛਲੇ 3 ਦਿਨਾਂ ‘ਚ ਲਗਾਤਾਰ ਰੋਜ਼ਾਨਾ 8000 ਤੋਂ ਵੱਧ ਕੇਸ ਆਏ ਸਨ।

ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਕ ਦਿਨ ਬਾਅਦ, ਕੋਰੋਨਾ ਦੇ 8 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 8,822 ਨਵੇਂ ਮਾਮਲੇ ਸਾਹਮਣੇ ਆਏ ਹਨ। ਕੱਲ ਯਾਨੀ ਮੰਗਲਵਾਰ ਦੀ ਤੁਲਨਾ ‘ਚ ਅੱਜ ਕੋਰੋਨਾ ਦੇ ਮਾਮਲਿਆਂ ‘ਚ 33 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਮੰਗਲਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਦੇ 6,594 ਮਾਮਲੇ ਸਾਹਮਣੇ ਆਏ ਹਨ।

ਸੋਮਵਾਰ ਨੂੰ 8084 ਨਵੇਂ ਮਰੀਜ਼ ਮਿਲੇ ਸਨ। ਉਸ ਤੋਂ ਪਹਿਲਾਂ 10 ਜੂਨ ਨੂੰ 8328 ਨਵੇਂ ਅਤੇ 11 ਜੂਨ ਨੂੰ 8528 ਕੇਸ ਆਏ ਸਨ। ਸਰਗਰਮ ਮਾਮਲਿਆਂ ਵਿਚ ਸਭ ਤੋਂ ਵੱਧ 787 ਦਾ ਵਾਧਾ ਮਹਾਰਾਸ਼ਟਰ ਵਿਚ ਦਰਜ ਕੀਤਾ ਗਿਆ। ਉਸ ਦੇ ਬਾਅਦ ਦਿੱਲੀ ਵਿਚ 616, ਕੇਰਲ ‘ਚ 406, ਕਰਨਾਟਕ ‘ਚ 196 ਦਾ ਵਾਧਾ ਹੋਇਆ। ਉਤਰਾਖੰਡ ਤੇ ਤ੍ਰਿਪੁਰਾ ਅਜਿਹੇ ਸੂਬੇ ਰਹੇ ਜਿਥੇ ਐਕਟਿਵ ਮਾਮਲਿਆਂ ਵਿਚ ਕਮੀ ਆਈ ਹੈ। ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਿਕਵਰੀ ਰੇਟ 98.66 ਫੀਸਦੀ ਹੈ। 24 ਘੰਟੇ ਵਿਚ 5718 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ‘ਚ ਸਭ ਤੋਂ ਵੱਧ 2165 ਲੋਕ ਮਹਾਰਾਸ਼ਟਰ ਵਿਚ ਤੇ 1576 ਲੋਕ ਕੇਰਲ ਵਿਚ ਠੀਕ ਹੋਏ।