ਚੰਡੀਗੜ੍ਹ-ਕੋਰੋਨਾ ਵੱਧਦਾ ਜਾ ਰਿਹਾ ਹੈ । ਪੰਜਾਬ ਸਰਕਾਰ ਵਲੋਂ ਇਸਦੇ ਸੰਭਾਵਿਤ ਖਤਰੇ ਨੂੰ ਲੈ ਕੇ ਸੂਬੇ ਭਰ ਦੇ ਹਸਪਤਾਲਾਂ ਚ ਮਾਕ ਡ੍ਰਿਲ ਵੀ ਕਰਵਾਈ ਗਈ । ਪਰ ਹੁਣ ਜਿੱਥੇ ਰੋਜ਼ਾਨਾ ਨਵੇਂ ਕੇਸ ਆ ਰਹੇ ਹਨ । ਉੱਥੇ ਸੂਬੇ ਦੇ ਵਿੱਚ ਕੋਰੋਨਾ ਵੈਕਸੀਨ ਦੀ ਘਾਟ ਹੋ ਗਈ ਹੈ । ਦੇਸ਼ ਵਿੱਚ ਕੋਵਿਡ ਦੇ ਮਾਮਲੇ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਹਨ, ਦੂਜੇ ਪਾਸੇ ਪੰਜਾਬ ਵਿੱਚ ਕੋਵਿਡ ਦਾ ਟੀਕਾ ਖਤਮ ਹੋ ਗਿਆ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਟੀਕੇ ਦੀ ਮੰਗ ਕੀਤੀ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਪੂਰੇ ਦੇਸ਼ ਵਿਚ ਖੁਰਾਕਾਂ ਖਤਮ ਹੋ ਗਈਆਂ ਹਨ ਕਿਉਂਕਿ ਕੰਪਨੀ ਨੇ ਉਨ੍ਹਾਂ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ, ਇਸ ਲਈ ਅਸੀਂ ਕੇਂਦਰ ਨੂੰ ਪੱਤਰ ਲਿਖ ਕੇ 35 ਹਜ਼ਾਰ ਖੁਰਾਕਾਂ ਦੀ ਮੰਗ ਕੀਤੀ ਹੈ। ਪੰਜਾਬ ਵਿਚ ਬਹੁਤ ਸਾਰੇ ਨੌਜਵਾਨ ਹਨ, ਜਿਨ੍ਹਾਂ ਨੇ ਵਿਦੇਸ਼ ਜਾਣਾ ਹੈ ਪਰ ਦੂਜੀ ਖੁਰਾਕ ਨਾ ਮਿਲਣ ਕਾਰਨ ਨਹੀਂ ਜਾ ਸਕੇ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ‘ਚ ਕੋਰੋਨਾ ਦੀ ਸਥਿਤੀ ਕੰਟਰੋਲ ‘ਚ ਹੈ। ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਬੱਸ ਇਹ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਭੀੜ ਵਾਲੀ ਥਾਂ ‘ਤੇ ਜਾਓ ਤਾਂ ਮਾਸਕ ਜ਼ਰੂਰ ਪਾਓ ਅਤੇ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਅਸੀਂ ਸਹੀ ਟਰੈਕ ‘ਤੇ ਕੋਰੋਨਾ ਟੈਸਟ ਕਰ ਰਹੇ ਹਾਂ। ਇਸ ਨੂੰ 5000 ਤੱਕ ਲੈ ਜਾਵੇਗਾ ਅਤੇ ਜੇ ਲੋੜ ਪਈ ਤਾਂ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਵਾਈਆਂ ਅਤੇ ਆਕਸੀਜਨ ਨੂੰ ਲੈਕੇ ਪੂਰੀ ਤਿਆਰੀ ਹੈ ਅਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਹਰ ਪਾਸੇ ਸਥਿਤੀ ਕਾਬੂ ਵਿੱਚ ਹੈ। ਫਿਲਹਾਲ ਹਾਲਤ ਠੀਕ ਹੈ ਅਤੇ ਪੰਜਾਬ ‘ਚ ਕੋਈ ਭਾਰੀ ਪਾਬੰਦੀ ਲਗਾਉਣ ਦੀ ਲੋੜ ਨਹੀਂ, ਹੁਣ ਐਡਵਾਈਜ਼ਰੀ ਜਾਰੀ ਕਰਨ ਦੀ ਲੋੜ ਨਹੀਂ।
ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਵੈਰੀਐਂਟ ਖ਼ਤਰਨਾਕ ਨਹੀਂ ਹੈ, ਪਰ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਭੀੜ ਵਾਲੇ ਖੇਤਰਾਂ ਵਿੱਚ ਨਾ ਤੁਰੋ, ਲੋੜ ਪੈਣ ‘ਤੇ ਮਾਸਕ ਪਹਿਨੋ। ਜਿਨ੍ਹਾਂ ਨੂੰ ਸ਼ੂਗਰ ਜਾਂ ਸਾਹ ਦੀ ਬੀਮਾਰੀ ਹੈ, ਉਨ੍ਹਾਂ ਨੂੰ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।