ਅੰਮ੍ਰਿਤਸਰ- ਖ਼ਤਰਨਾਕ ਗੈਂਗਸਟਰ ਨਿਤਿਨ ਨਾਹਰ ਆਪਣੇ ਸਾਥੀ ਸਮੇਤ ਸ਼ੁੱਕਰਵਾਰ ਸ਼ਾਮ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਬਖ਼ਸ਼ੀਖਾਨੇ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਗਵਾਲਮੰਡੀ ਦੇ ਰਹਿਣ ਵਾਲੇ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਪਰ ਝਬਾਲ ਰੋਡ ’ਤੇ ਸਥਿਤ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਨਿਤਿਨ ਨਾਹਰ ਦਾ ਕਿਧਰੇ ਵੀ ਸੁਰਾਗ ਨਹੀਂ ਲੱਗ ਸਕਿਆ।
ਦੂਜੇ ਪਾਸੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ। ਪੂਰੇ ਸ਼ਹਿਰ ਵਿਚ ਨਾਕਾਬੰਦੀ ਕਰ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਨਿਤਿਨ ਨਾਹਰ ਖ਼ਿਲਾਫ਼ ਅੱਧੀ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਜਾਣਕਾਰੀ ਅਨੁਸਾਰ ਦੋਵੇਂ ਮੁਲਜ਼ਮ ਗੋਇੰਦਵਾਲ ਜੇਲ੍ਹ ਵਿਚ ਬੰਦ ਸਨ। ਸ਼ੁੱਕਰਵਾਰ ਸਵੇਰੇ ਉਸ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ। ਸ਼ੁੱਕਵਾਰ ਸਵੇਰੇ ਤਰਨਤਾਰਨ ਪੁਲਿਸ ਦੋਵਾਂ ਨੂੰ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਆਈ। ਸ਼ਾਮ ਨੂੰ ਪੇਸ਼ੀ ਤੋਂ ਬਾਅਦ ਤਰਨਤਾਰਨ ਪਰਤਦਿਆਂ ਪੁਲਿਸ ਨੇ ਦੋਵਾਂ ਨੂੰ ਹੱਥਕਡ਼ੀਆਂ ਵਿਚ ਲੈ ਕੇ ਜਾਣ ਲੱਗੀ ਸੀ। ਇਸ ਦੌਰਾਨ ਦੋਵੇਂ ਕਿਸੇ ਤਰ੍ਹਾਂ ਹੱਥਕਡ਼ੀ ਛੁਡਾ ਕੇ ਫ਼ਰਾਰ ਹੋ ਗਏ। ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਭਾਜਡ਼ਾਂ ਪੈ ਗਈਆਂ। ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਾਹਿਲ ਨੂੰ ਕਾਬੂ ਕਰ ਲਿਆ ਪਰ ਨਾਹਰ ਹੱਥ ਨਹੀਂ ਲੱਗਾ।