BCCI ਪੂਰੀ ਤਰ੍ਹਾਂ ਨਾਲ IPL 2025 ਦੀਆਂ ਤਿਆਰੀਆਂ ‘ਚ ਲੱਗਾ ਹੋਇਆ ਹੈ। ਜਿੱਥੇ ਪੂਰੀ ਦੁਨੀਆ ‘ਚ ਪੈਰਿਸ ਓਲੰਪਿਕ ਨੂੰ ਲੈ ਕੇ ਕਾਫੀ ਧੂਮ-ਮਚੀ ਹੈ। ਇਸ ਦੇ ਨਾਲ ਹੀ ਬੀਸੀਸੀਆਈ ਆਈਪੀਐਲ ਮਾਲਕਾਂ ਨਾਲ ਮੀਟਿੰਗ ਕਰ ਰਿਹਾ ਹੈ। ਖ਼ਬਰ ਇਹ ਵੀ ਸੀ ਕਿ ਮੀਟਿੰਗ ਦੌਰਾਨ ਮੈਗਾ ਨਿਲਾਮੀ ਨੂੰ ਲੈ ਕੇ ਬੀਸੀਸੀਆਈ ਅਤੇ ਆਈਪੀਐਲ ਮਾਲਕਾਂ ਵਿਚਾਲੇ ਕਾਫੀ ਬਹਿਸ ਹੋਈ। ਇਸ ਦੌਰਾਨ, ਚੇਨਈ ਸੁਪਰ ਕਿੰਗਜ਼ ਦੇ ਪ੍ਰਬੰਧਨ ਨੇ ਬੀਸੀਸੀਆਈ ਨੂੰ ਮੈਗਾ ਨਿਲਾਮੀ ਤੋਂ ਪਹਿਲਾਂ ਐਮਐਸ ਧੋਨੀ ਨੂੰ ਇੱਕ ਅਨਕੈਪਡ ਖਿਡਾਰੀ ਵਜੋਂ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਚੇਨਈ ਸੁਪਰ ਕਿੰਗਜ਼ ਪੁਰਾਣੇ ਨਿਯਮ ਨੂੰ ਮੁੜ ਤੋਂ ਲਾਗੂ ਕਰਨਾ ਚਾਹੁੰਦੀ ਹੈ। ਇਸ ਨਿਯਮ ਦੇ ਤਹਿਤ, ਜੇਕਰ ਕਿਸੇ ਖਿਡਾਰੀ ਦੇ ਸੰਨਿਆਸ ਨੂੰ ਪੰਜ ਸਾਲ ਜਾਂ ਇਸ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਤਾਂ ਉਸਨੂੰ ਅਨਕੈਪਡ ਖਿਡਾਰੀ ਮੰਨਿਆ ਜਾਵੇਗਾ।
ਯਾਦ ਰਹੇ ਕਿ IPL ਕਮੇਟੀ ਨੇ 2022 ਦੀ ਨਿਲਾਮੀ ਤੋਂ ਪਹਿਲਾਂ ਇਸ ਨਿਯਮ ‘ਤੇ ਪਾਬੰਦੀ ਲਗਾ ਦਿੱਤੀ ਸੀ। ਧਿਆਨ ਯੋਗ ਹੈ ਕਿ ਧੋਨੀ ਨੇ ਸਾਲ 2019 ‘ਚ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਸੀ, ਜਦਕਿ 15 ਅਗਸਤ 2020 ਨੂੰ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। 31 ਜੁਲਾਈ ਨੂੰ ਮੁੰਬਈ ‘ਚ ਹੋਈ ਮੀਟਿੰਗ ਦੌਰਾਨ ਚੇਨਈ ਸੁਪਰ ਕਿੰਗਜ਼ ਨੇ ਐੱਮਐੱਸ ਧੋਨੀ ਨੂੰ ਅਨਕੈਪਡ ਖਿਡਾਰੀ ਐਲਾਨਣ ਦਾ ਮੁੱਦਾ ਉਠਾਇਆ ਸੀ ਪਰ ਸਨਰਾਈਜ਼ਰਜ਼ ਹੈਦਰਾਬਾਦ ਦੀ ਮਾਲਕ ਕਾਵਿਆ ਮਾਰਨ ਸਮੇਤ ਕਈ ਟੀਮਾਂ ਦੇ ਮਾਲਕ ਇਸ ਫੈਸਲੇ ਦੇ ਖਿਲਾਫ ਹਨ। ਉਸ ਦਾ ਮੰਨਣਾ ਹੈ ਕਿ ਇਸ ਨਾਲ ਧੋਨੀ ਸਮੇਤ ਹੋਰ ਮਹਾਨ ਖਿਡਾਰੀਆਂ ਦੀ ਵਿਰਾਸਤ ਨੂੰ ਢਾਹ ਲੱਗੇਗੀ।
IPL 2025: ਕਾਵਿਆ ਨੇ ਪ੍ਰਗਟਾਇਆ ਵਿਰੋਧ
ਤੁਹਾਡੀ ਜਾਣਕਾਰੀ ਲਈ, ਸਨਰਾਈਜ਼ਰਸ ਹੈਦਰਾਬਾਦ ਦੇ ਮਾਲਕ ਕਾਵਿਆ ਮਾਰਨ ਨੇ ਹਾਲ ਹੀ ਵਿੱਚ ਇੱਕ ਮੀਟਿੰਗ ਵਿੱਚ ਕਿਹਾ ਕਿ ਜੇਕਰ ਕਿਸੇ ਸੇਵਾਮੁਕਤ ਖਿਡਾਰੀ ਨੂੰ ਅਨਕੈਪਡ ਟੈਗ ਦੇ ਨਾਲ ਨਿਲਾਮੀ ਵਿੱਚ ਲਿਆਂਦਾ ਜਾਂਦਾ ਹੈ, ਤਾਂ ਇਹ ਉਸਦੀ ਮਹਾਨਤਾ ਨਾਲ ਖੇਡਣਾ ਹੋਵੇਗਾ। ਕਾਵਿਆ ਮੁਤਾਬਕ ਜੇਕਰ ਕੋਈ ਅਨਕੈਪਡ ਖਿਡਾਰੀ ਨਿਲਾਮੀ ਵਿੱਚ ਆਉਂਦਾ ਹੈ ਅਤੇ ਰਿਟੇਨ ਕੀਤੇ ਗਏ ਅਨਕੈਪਡ ਖਿਡਾਰੀ ਤੋਂ ਜ਼ਿਆਦਾ ਪੈਸੇ ਲੈਂਦਾ ਹੈ ਤਾਂ ਇਹ ਧੋਨੀ ਵਰਗੇ ਦਿੱਗਜਾਂ ਦਾ ਅਪਮਾਨ ਹੋਵੇਗਾ।