Site icon TV Punjab | Punjabi News Channel

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ

ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਪੂਰੀ ਗੰਭੀਰਤਾ ਦਿਖਾਈ ਜਾ ਰਹੀ ਹੈ। ਇਸੇ ਗੰਭੀਰਤਾ ਸਦਕਾ 28 ਅਤੇ 29 ਅਕਤੂਬਰ ਨੂੰ ਸਬ ਡਵੀਜ਼ਨ ਅਤੇ ਜ਼ਿਲ੍ਹਾ ਹੈਡਕੁਆਰਟਰ ’ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।

ਸੁਵਿਧਾ ਕੈਂਪਾ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੁਵਿਧਾ ਕੈਂਪਾਂ ਵਿਚ 5-5 ਮਰਲੇ ਦੇ ਪਲਾਟ , ਪੈਨਸ਼ਨ ਸਕੀਮ (ਬੁਢਾਪਾ,ਵਿਧਵਾ,ਆਸ਼ਰਿਤ ਅੰਗਹੀਣ ਆਦਿ ਸਕੀਮਾਂ), ਘਰ ਦੀ ਸਥਿਤੀ (ਕੱਚਾ/ ਪੱਕਾ) ਪੀ.ਐਮ.ਏ.ਵਾਈ ਯੋਜਨਾ , ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ.ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ.ਬੀ.ਸੀ.ਕਾਰਪੋਰੇਸ਼ਨਾਂ/ ਬੈਂਕ ਫਿੰਕੋ ਤੋਂ ਕਰਜ਼ਾ , ਬੱਸ ਪਾਸ , ਪੈਂਡਿੰਗ ਇੰਤਕਾਲ ਦੇ ਕੇਸ , ਮਗਨਰੇਗਾ ਜਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫ਼ੀ ਦੇ ਸਰਟੀਫਿਕੇਟ , ਪੈਂਡਿੰਗ ਸੀ.ਐਲ.ਯੂ ਕੇਸ/ਨਕਸ਼ੇ ਆਦਿ ਸਬੰਧੀ ਫਾਰਮ ਭਰੇ ਜਾਣਗੇ।

ਸ੍ਰੀ ਥੋਰੀ ਨੇ ਉਕਤ ਸਕੀਮਾਂ ਨਾਲ ਸਬੰਧਿਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੁਵਿਧਾ ਕੈਂਪਾ ਸਬੰਧੀ ਜਾਗਰੂਕਤਾ ਫੈਲਾਉਣੀ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਵਾਂਝਾ ਨਾ ਰਹਿ ਸਕੇ।

ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਸੁਵਿਧਾ ਕੈਂਪਾ ਦਾ ਫਾਇਦਾ ਚੁੱਕਣ । ਉਨ੍ਹਾਂ ਵਿਭਾਗਾਂ ਦੇ ਮੁੱਖੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਵਿਧਾ ਕੈਂਪ ਲਗਾਉਣ ਸਬੰਧੀ ਪੰਜਾਬ ਸਰਕਾਰ ਵਲੋਂ ਸ਼ਲਾਘਾ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ, ਇਸ ਲਈ 28 ਅਤੇ 29 ਅਕਤੂਬਰ ਨੂੰ ਲਗਾਏ ਜਾ ਰਹੇ ਸੁਵਿਧਾ ਕੈਂਪਾ ਵਿੱਚ ਲਾਪ੍ਰਵਾਹੀ ਸਹਿਣਯੋਗ ਨਹੀਂ ਹੋਵੇਗੀ।

ਉਨ੍ਹਾਂ ਵਿਭਾਗਾਂ ਦੇ ਮੁਖੀਆਂ ਕੋਲੋਂ ਉਕਤ ਸਕੀਮਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਦਫ਼ਤਰਾਂ ਵਿਚ ਹਾਜ਼ਰੀ ਯਕੀਨੀ ਬਣਾਉਣ ਦੀ ਸਖ਼ਤ ਹਦਾਇਤ ਵੀ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ ਤੋਂ ਇਲਾਵਾ ਹੋਰ ਵਿਭਾਗਾਂ ਦੇ ਮੁੱਖੀ ਹਾਜ਼ਰ ਸਨ।

ਟੀਵੀ ਪੰਜਾਬ ਬਿਊਰੋ

Exit mobile version