ਅਮਰੀਕਾ ਦੇ ਕੈਲੀਫੋਰਨੀਆ ’ਚ ਗੋਲੀਬਾਰੀ, ਹਮਲਾਵਰ ਨੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਨੂੰ ਉਤਾਰਿਆ ਮੌਤ ਦੇ ਘਾਟ

Carolina- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ’ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਇੰਝ ਮਹਿਸੂਸ ਹੁੰਦਾ ਹੈ, ਜਿਵੇਂ ਲੋਕਾਂ ਦੇ ਮਨਾਂ ਅੰਦਰ ਕਾਨੂੰਨ ਦਾ ਕੋਈ ਡਰ-ਭੈਅ ਹੀ ਨਾ ਹੋਵੇ। ਅਜਿਹਾ ਹੀ ਤਾਜ਼ਾ ਮਾਮਲਾ ਇੱਥੋਂ ਦੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ ’ਚ ਸਾਹਮਣੇ ਆਇਆ, ਜਿੱਥੇ ਕਿ ਇੱਕ ਹਮਲਾਵਰ ਨੇ ਸ਼ਰੇਆਮ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਵੜ ਕੇ ਇੱਕ ਫੈਕਲਟੀ ਮੈਂਬਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲੀਬਾਰੀ ਦੀ ਇਸ ਵਾਰਦਾਤ ਮਗਰੋਂ ਯੂਨੀਵਰਿਸਟੀ ’ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਡਰ ਦੇ ਮਾਰੇ ਬਹੁਤ ਸਾਰੇ ਵਿਦਿਆਰਥੀਆਂ ਨੇ ਯੂਨੀਵਰਿਸਟੀ ਦੀ ਪਹਿਲੀ ਮੰਜ਼ਲ ਤੋਂ ਖਿੜਕੀਆਂ ਰਾਹੀਂ ਹੇਠਾਂ ਛਾਲ ਤੱਕ ਮਾਰ ਦਿੱਤੀ। ਫਿਲਹਾਲ ਗੋਲੀਬਾਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਸੋਮਵਾਰ ਦੁਪਹਿਰ ਕਰੀਬ 1 ਵਜੇ ਯੂਨੀਵਰਿਸਟੀ ਕੈਂਪਸ ਦੇ ਅੰਦਰ ਕੈਮਿਸਟਰੀ ਲੈਬ ’ਚ ਹੋਈ। ਪੁਲਿਸ ਮੁਖੀ ਬ੍ਰਾਇਨ ਜੇਸਮ ਨੇ ਕਿਹਾ ਕਿ ਇਸ ਵਾਰਦਾਤ ਬਾਰੇ ਜਾਣਕਾਰੀ ਮਿਲਣ ਦੇ ਕਰੀਬ ਡੇਢ ਘੰਟੇ ਮਗਰੋਂ ਹਮਲਾਵਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਕਿਹਾ ਜਾ ਰਿਹਾ ਹੈ ਕਿ ਸ਼ੱਕੀ ਹਮਲਾਵਰ ਦਾ ਨਾਂ ਟੈਲੀ ਕਿਊ ਹੈ ਅਤੇ ਉਸ ਨੇ ਇਸੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ। ਇਸ ਪੂਰੀ ਵਾਰਦਾਤ ਮਗਰੋਂ ਯੂਨੀਵਰਸਿਟੀ ਕੈਂਪਸ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਅਤੇ ਹੋਸਟਲ ਦੇ ਕਮਰਿਆਂ, ਦਫ਼ਤਰਾਂ ਅਤੇ ਕਲਾਸਾਂ ’ਚ ਰਹਿ ਰਹੇ ਲੋਕਾਂ ਨੂੰ ਉੱਥੇ ਹੀ ਰਹਿਣ ਲਈ ਕਿਹਾ ਗਿਆ।
ਉੱਥੇ ਹੀ ਉੱਤਰੀ ਕੈਲੋਲਿਨਾ ਯੂਨੀਵਰਸਿਟੀ ਦੇ ਚਾਂਸਲਰ ਕੇਵਿਨ ਗੁਸਕੀਵਿਜ਼ ਨੇ ਫੈਕਲਟੀ ਮੈਂਬਰ ਦੀ ਮੌਤ ਨੂੰ ਵਿਨਾਸ਼ਕਾਰੀ ਦੱਸਦਿਆਂ ਕਿਹਾ ਕਿ ਅਸੀਂ ਆਪਣੇ ਕੈਂਪਸ ਦੀ ਸੁਰੱਖਿਆ ਨੂੰ ਹਲਕੇ ’ਚ ਲੈਂਦੇ ਹਾਂ। ਚਾਂਸਲਰ ਕੇਵਿਨ ਨੇ ਇਸ ਗੋਲੀਬਾਰੀ ਮਗਰੋਂ ਵਿਦਿਆਰਥੀਆਂ ਤੋਂ ਵੀ ਮੁਆਫ਼ੀ ਮੰਗੀ, ਜਿਹੜੇ ਕਿ ਆਪਣੀ ਸੁਰੱਖਿਆ ਦੇ ਬਾਰੇ ’ਚ ਅਨਿਸ਼ਚਿਤ ਮਹਿਸੂਸ ਕਰ ਰਹੇ ਹਨ। ਹਾਲਾਂਕਿ ਸ਼ੱਕੀ ਵਲੋਂ ਗੋਲੀਬਾਰੀ ਕਿਉਂ ਕੀਤੀ ਗਈ ਇਸ ਬਾਰੇ ’ਚ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਜਾਂਚਕਰਤਾ ਇਸੇ ਦਾ ਪਤਾ ਲਗਾ ਰਹੇ ਹਨ।