ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ‘ਤੇ ਹੋੋਇਆ ਜਾਨਲੇਵਾ ਹਮਲਾ, ਦੋ ਮੁਲਜ਼ਮ ਗ੍ਰਿਫ਼ਤਾਰ

ਸਪੋਰਟਸ ਡੈਸਕ -ਵਿਵਾਦਾਂ ਕਾਰਨ ਅਕਸਰ ਹੀ ਸੁਰਖੀਆਂ ਵਿਚ ਰਹਿਣ ਵਾਲੇ ਪਾਕਿਸਤਾਨੀ ਕ੍ਰਿਕਟਰ ਉਮਰ ਅਕਮਲ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਉਸ ਉੱਤੇ ਇਹ ਹਮਲਾ ਉਸਦੇ ਘਰ ਦੇ ਬਾਹਰ ਕੀਤਾ ਗਿਆ। ਹਮਲੇ ਤੋਂ ਤੁਰੰਤ ਬਾਅਦ ਅਕਮਲ ਨੇ ਪੁਲਿਸ ਰਿਪੋਰਟ ਦਰਜ ਕਰਵਾਈ। ਜਾਂਚ ਦੌਰਾਨ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਉਮਰ ਅਕਮਲ ਦਾ ਘਰ ਲਾਹੌਰ ਦੀ ਡਿਫੈਂਸ ਹਾਊਸਿੰਗ ਅਥਾਰਟੀ ਵਿਚ ਸਥਿਤ ਹੈ। ਉਸਨੇ ਦੱਸਿਆ ਕਿ ਉਸਦੇ ਘਰ ਦੇ ਬਾਹਰ ਉਸ ‘ਤੇ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਦੋ ਵਿਅਕਤੀ ਉਸ ਨਾਲ ਸੈਲਫੀ ਲੈਣ ਆਏ ਸਨ। ਇਹ ਦੋਵੇਂ ਆਪਣੇ ਆਪ ਨੂੰ ਉਸਦੇ ਪ੍ਰਸ਼ੰਸਕ ਦੱਸ ਰਹੇ ਸਨ ਪਰ ਇਸ ਦੌਰਾਨ ਝੜਪ ਹੋ ਗਈ ਅਤੇ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਕ੍ਰਿਕਟਰ ਨੂੰ ਮਾਰਨ ਲਈ ਹਮਲਾ ਕਰ ਦਿੱਤਾ।

ਚੌਕਸੀ ਦਿਖਾਉਂਦੇ ਹੋਏ ਉਮਰ ਅਕਮਲ ਨੇ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਇਨ੍ਹਾਂ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਪਾਕਿਸਤਾਨ ਦਾ ਵਿਅਕਤੀ ਅਤੇ ਇਕ ਬ੍ਰਿਟੇਨ ਦਾ ਹੈ। ਜਦੋਂ ਪੁਲਿਸ ਦੁਆਰਾ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਅਜਿਹਾ ਇਰਾਦਾ ਨਹੀਂ ਸੀ। ਇਹ ਦੋਵੇਂ ਸਿਰਫ਼ ਉਸ ਦੇ ਪ੍ਰਸ਼ੰਸਕ ਹਨ। ਇਸ ਦੌਰਾਨ ਸ਼ੱਕੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਕਮਲ ਅਤੇ ਉਸ ਦੇ ਘਰੇਲੂ ਸਟਾਫ ਨੇ ਉਨ੍ਹਾਂ ਦੋਵਾਂ ‘ਤੇ ਹਮਲਾ ਕੀਤਾ ਸੀ।