Site icon TV Punjab | Punjabi News Channel

ਲੰਡਾ ਹਰੀਕੇ ਦੀ ਧਮਕੀ ਤੋਂ ਬਾਅਦ ਦਿੱਲੀ ਪੁਲਿਸ ਦੇ ਅਫਸਰਾਂ ਨੂੰ ਮਿਲੀ ਵਾਈ ਸ਼੍ਰੇਣੀ ਦੀ ਸੁਰੱਖਿਆ

ਨਵੀਂ ਦਿੱਲੀ- ਪੰਜਾਬ ਦੇ ਨਾਲ ਨਾਲ ਉੱਤਰ ਭਾਰਤ ਚ ਗੈਂਗਸਟਰਾਂ ਦਾ ਖੌਫ ਅਤੇ ਉਨ੍ਹਾਂ ਦੀ ਹਿੰਮਤ ਇਨੀ ਵੱਧ ਗਈ ਹੈ ਕਿ ਹੁਣ ਪੁਲਿਸ ਵੀ ਇਨ੍ਹਾਂ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤ ਰਹੀ । ਮੂਸੇਵਾਲਾ ਕਤਲ ਕਾਂਡ ਦੇ ਅਸਲ ਖੁਲਾਸੇ ਕਰ ਗੁਨਾਹਗਾਰਾਂ ਨੂੰ ਫੜ੍ਹਨ ਵਾਲੇ ਦਿੱਲੀ ਦੇ ਸਪੈਸ਼ਲ ਸੈੱਲ ਦੇ ਪੁਲਿਸ ਅਫਸਰਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਖਤ ਫੈਸਲੇ ਲਏ ਹਨ । ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਸੁਲਝਾਉਣ ਵਾਲੇ ਦਿੱਲੀ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਇਨ੍ਹਾਂ ਅਧਿਕਾਰੀਆਂ ਦੇ ਘਰ 24 ਘੰਟੇ ਸੁਰੱਖਿਆ ਮੌਜੂਦ ਰਹੇਗੀ।

ਇਨ੍ਹਾਂ ਵਿੱਚ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚਜੀ ਐਸ ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰ, ਡੀਸੀਪੀ ਰਾਜੀਵ ਰੰਜਨ ਲਈ ਵਾਈ ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਉਨ੍ਹਾਂ ਦੇ ਘਰ ‘ਤੇ 24 ਘੰਟੇ ਸੁਰੱਖਿਆ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਕਤਲ ਕੇਸ ਨੂੰ ਸੁਲਝਾਉਣ ਲਈ ਤਾਇਨਾਤ ਹੋਰ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨਾਲ ਹਰ ਪਲ ਇਕ ਕਮਾਂਡੋ ਮੌਜੂਦ ਰਹੇਗਾ।

ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਏਸੀਪੀ ਲਲਿਤ ਨੇਗੀ, ਏਸੀਪੀ ਹਿਰਦਾ ਭੂਸ਼ਣ, ਏਸੀਪੀ ਵੇਦ ਪ੍ਰਕਾਸ਼, ਏਸੀਪੀ ਰਾਹੁਲ ਵਿਕਰਮ, ਇੰਸਪੈਕਟਰ ਰਵਿੰਦਰ ਜੋਸ਼ੀ, ਇੰਸਪੈਕਟਰ ਸੁਨੀਲ ਕੁਮਾਰ, ਇੰਸਪੈਕਟਰ ਵਿਕਰਮ ਦਹੀਆ, ਇੰਸਪੈਕਟਰ ਨਿਸ਼ਾਂਤ ਦਹੀਆ ਅਤੇ ਇੰਸਪੈਕਟਰ ਵਿਨੋਦ ਕੁਮਾਰ ਹਨ।

ਦੱਸ ਦਈਏ ਕਿ ਪੰਜਾਬ ਦੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਸਾਥੀ ਲਖਬੀਰ ਲੰਡਾ ਨੇ ਸੋਸ਼ਲ ਮੀਡੀਆ ਰਾਹੀਂ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ‘ਜੇ ਅਸੀਂ ਤੁਹਾਨੂੰ ਗਲੀਆਂ ਵਿੱਚ ਦੇਖਿਆ ਤਾਂ ਚੰਗਾ ਨਹੀਂ ਹੋਵੇਗਾ।’

ਇਸ ਤੋਂ ਇਲਾਵਾ ਇਹ ਧਮਕੀ ਵੀ ਦਿੱਤੀ ਗਈ ਕਿ ਸਪੈਸ਼ਲ ਸੈੱਲ ਦਾ ਕੋਈ ਵੀ ਅਧਿਕਾਰੀ ਪੰਜਾਬ ਵਿੱਚ ਨਾ ਵੜਨ। ਮੰਨਿਆ ਜਾ ਰਿਹਾ ਹੈ ਕਿ ਸਪੈਸ਼ਲ ਸੈੱਲ ਦੇ ਇਨ੍ਹਾਂ ਅਧਿਕਾਰੀਆਂ ‘ਤੇ ਹਮਲਾ ਕਰਨ ਦੀ ਯੋਜਨਾ ਹੋ ਸਕਦੀ ਹੈ। ਇਸ ਕਾਰਨ ਸੁਰੱਖਿਆ ਵਧਾ ਦਿੱਤੀ ਗਈ ਹੈ।

Exit mobile version