Site icon TV Punjab | Punjabi News Channel

ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਮੰਗਾਂ ‘ਤੇ ਸਹਿਮਤੀ, ਕਿਸਾਨ ਜਥੇਬੰਦੀਆਂ ਭਲਕੇ ਚੁੱਕਣਗੀਆਂ CM ਰਿਹਾਇਸ਼ ਅੱਗਿਓਂ ਧਰਨਾ

ਪਟਿਆਲਾ : ਕਿਸਾਨ ਜੱਥੇਬੰਦੀਆਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲਗਾਇਆ ਗਿਆ ਧਰਨਾ 29 ਅਕਤੂਬਰ ਨੂੰ ਖਤਮ ਹੋ ਜਾਵੇਗਾ। ਇਹ ਫੈਸਲਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਸਮੇਤ 5 ਪ੍ਰਮੁੱਖ ਆਗੂਆਂ ਦਰਮਿਆਨ ਹੋਈ ਸਾਂਝੀ ਬੈਠਕ ਵਿੱਚ ਲਿਆ ਗਿਆ।

ਪਟਿਆਲਾ ਦੇ ਸਰਕਟ ਹਾਊਸ ਵਿਖੇ ਹੋਈ ਇਸ ਬੈਠਕ ਵਿੱਚ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਸਮੇਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ, ਝੰਡਾ ਸਿੰਘ ਜੇਠੂਕੇ, ਸ਼ੰਗਾਰਾ ਸਿੰਘ ਅਤੇ ਰੂਪ ਸਿੰਘ ਛੰਨਾ ਤੋਂ ਇਲਾਵਾ ਆਈ.ਜੀ. ਜਤਿੰਦਰ ਸਿੰਘ ਔਲਖ, ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ।

ਕੁਲਦੀਪ ਸਿੰਘ ਧਾਲੀਵਾਲ, ਜਿਨ੍ਹਾਂ ਕੋਲ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਰਵਾਸੀ ਮਾਮਲੇ ਵਿਭਾਗ ਵੀ ਹਨ, ਨੇ ਇਸ ਬੈਠਕ ਤੋਂ ਬਾਅਦ ਕਿਹਾ ਕਿ ਕਿਸਾਨ ਆਗੂਆਂ ਨਾਲ ਬਹੁਤ ਵਿਸਥਾਰ ਵਿੱਚ ਚਰਚਾ ਹੋਈ ਹੈ ਅਤੇ ਸਾਰੀਆਂ ਕਿਸਾਨ ਮੰਗਾਂ ਉਪਰ ਸਹਿਮਤੀ ਬਣੀ ਹੈ, ਜਿਸ ਲਈ ਕਿਸਾਨ ਜਥੇਬੰਦੀਆਂ ਵੱਲੋਂ 29 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਲਗਾਇਆ ਗਿਆ ਧਰਨਾ ਉਠਾ ਲਿਆ ਜਾਵੇਗਾ।

ਇਸੇ ਦੌਰਾਨ ਕਿਸਾਨ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ 29 ਅਕਤੂਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਧਰਨਾ ਚੁੱਕੇ ਜਾਣ ਬਾਬਤ ਦੱਸਦਿਆਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਮੀਟਿੰਗ ਹੋਈ ਸੀ, ਜਿਸ ਵਿੱਚ ਮੁੱਖ ਮੰਤਰੀ ਨੇ ਕਿਸਾਨ ਮੰਗਾਂ ਮੰਨ ਲਈਆਂ ਸਨ ਅਤੇ ਅੱਜ ਖੇਤੀਬਾੜੀ ਮੰਤਰੀ ਸ. ਧਾਲੀਵਾਲ ਅਤੇ ਹੋਰ ਅਧਿਕਾਰੀਆਂ ਨਾਲ ਇਸ ਬੈਠਕ ਵਿੱਚ ਲਿਖਤੀ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਆਪਣਾ ਧਰਨਾ ਚੁੱਕ ਲਿਆ ਜਾਵੇਗਾ।

Exit mobile version