ਅੱਜ ਆਤਮ ਸਮਰਪਣ ਕਰਨਗੇ ਟਰੰਪ

Washington- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ’ਚ 2020 ਦੇ ਚੋਣ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਮਾਮਲੇ ’ਚ ਅੱਜ ਆਤਮ ਸਮਰਪਣ ਕਰਨਗੇ। ਇਸ ਮਾਮਲੇ ’ਚ ਸਾਬਕਾ ਰਾਸ਼ਟਰਪਤੀ ਵਿਰੁੱਧ ਦਰਜਨ ਤੋਂ ਵੱਧ ਦੋਸ਼ ਲੱਗੇ ਹਨ ਅਤੇ ਇਹ ਇਸ ਸਾਲ ’ਚ ਚੌਥੀ ਵਾਰ ਹੈ, ਜਦੋਂ ਟਰੰਪ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਅਜਿਹੀ ਉਮੀਦ ਹੈ ਕਿ ਟਰੰਪ ਨਿਊ ਜਰਸੀ ਬੈਡਮਿੰਸਟਰ ਵਿਖੇ ਸਥਿਤ ਆਪਣੀ ਰਿਹਾਇਸ਼ ਤੋਂ ਅਲਲਾਂਟਾ ਤੱਕ ਜਾਣਗੇ, ਜਿੱਥੋਂ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਉਨ੍ਹਾਂ ਨੂੰ ਬੰਦ ਕੀਤਾ ਜਾਵੇਗਾ।
ਇਸ ਮਾਮਲੇ ਦੇ ਬਾਕੀ 18 ਸਹਿ-ਮੁਲਜ਼ਮਾਂ ’ਚੋਂ ਕਈਆਂ ਦੇ ਵਾਂਗ ਹੀ, ਜਿਹੜੇ ਕਿ ਪਹਿਲਾਂ ਹੀ ਜੇਲ੍ਹ ’ਚ ਆਤਮ ਸਮਰਪਣ ਕਰ ਚੁੱਕੇ ਹਨ, ਸਹੂਲਤ ਰਾਹੀਂ ਟਰੰਪ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਹੋ ਜਾਵੇਗੀ ਕਿਉਂਕਿ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਵਕੀਲਾਂ ਨੇ ਵੀਰਵਾਰ ਤੋਂ ਪਹਿਲਾਂ ਹੀ ਆਪਣੇ ਸਹਿਮਤੀ ਬਾਂਡ ਸਮਝੌਤੇ ’ਤੇ ਚਰਚਾ ਕੀਤੀ ਸੀ। ਟਰੰਪ 200,000 ਡਾਲਰ ਦੇ ਬਾਂਡ ਅਤੇ ਹੋਰ ਰਿਹਾਈ ਸ਼ਰਤਾਂ ’ਤੇ ਸਹਿਮਤ ਹੋਏ ਹਨ। ਜ਼ਮਾਨਤ ਬਾਂਡ ’ਚ ਇਹ ਕਿਹਾ ਗਿਆ ਹੈ ਕਿ ਟਰੰਪ ਉਦੋਂ ਤੱਕ ਹੀ ਆਜ਼ਾਦ ਰਹਿ ਸਕਦੇ ਹਨ, ਜਦੋਂ ਤੱਕ ਉਹ ਗਵਾਹਾਂ ਨੂੰ ਡਰਾਉਣ-ਧਮਕਾਉਣ ਦਾ ਯਤਨ ਨਹੀਂ ਕਰਦੇ।
ਇਸ ਅਦਾਲਤੀ ਇਕਰਾਰਨਾਮੇ ’ਚ ਇਹ ਕਿਹਾ ਗਿਆ ਹੈ ਕਿ ਮੁਲਜ਼ਮ ਇਸ ਕੇਸ ’ਚ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ ’ਚ ਰੁਕਾਵਟ ਪਾਉਣ ਲਈ ਕੋਈ ਕੰਮ ਨਹੀਂ ਕਰੇਗਾ। ਇਸ ਇਕਰਾਰਨਾਮੇ ’ਚ ਸਾਬਕਾ ਰਾਸ਼ਟਰਪਤੀ ਨੂੰ ਗਵਾਹਾਂ ਜਾਂ ਸਹਿ-ਮੁਲਜ਼ਮਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਸਿੱਧੀ ਜਾਂ ਅਸਿੱਧੀ ਧਮਕੀ ਦੇਣ ਅਤੇ ਵਕੀਲਾਂ ਨੂੰ ਛੱਡ ਕੇ ਉਨ੍ਹਾਂ ਨਾਲ ਕੇਸ ਦੇ ਤੱਥਾਂ ਬਾਰੇ ਕਿਸੇ ਵੀ ਤਰੀਕੇ ਨਾਲ ਸੰਚਾਰ ਕਰਨ ਤੋਂ ਵੀ ਮਨ੍ਹਾ ਕੀਤਾ ਗਿਆ ਹੈ। ਇਕਰਾਰਨਾਮੇ ’ਤੇ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਜਨਰਲ ਫਾਨੀ ਵਿਲਿਸ, ਜੋ ਕਿ ਇਸ ਕੇਸ ਦੀ ਨਿਗਰਾਨੀ ਕਰ ਰਹੇ ਹਨ ਅਤੇ ਟਰੰਪ ਦੇ ਵਕੀਲਾਂ ਵਲੋਂ ਹਸਤਾਖ਼ਰ ਕੀਤੇ ਗਏ ਹਨ।
ਦੱਸ ਦਈਏ ਕਿ ਸਰਕਾਰੀ ਵਕੀਲਾਂ ਨੇ ਜੱਜ ਨੂੰ 77 ਸਾਲਾ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੋਣ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਮਾਮਲੇ ’ਚ 4 ਮਾਰਚ 2024 ਨੂੰ ਮੁਕੱਦਮੇ ਦੀ ਤਾਰੀਕ ਤੈਅ ਕਰਨ ਲਈ ਕਿਹਾ ਹੈ। 2024 ’ਚ ਰੀਪਬਲਕਿਨ ਪਾਰਟੀ ਵਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ’ਚ ਸਭ ਤੋਂ ਅੱਗੇ ਚੱਲ ਰਹੇ ਟਰੰਪ ਨੂੰ ਵ੍ਹਾਈਟ ਹਾਊਸ ’ਚ ਵਾਪਸੀ ਤੋਂ ਪਹਿਲਾਂ ਹੀ ਚਾਰ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।