ਅੰਮ੍ਰਿਤਸਰ- ਸ਼੍ਰੌਮਣੀ ਕਮੇਟੀ ਦੀਆਂ ਚੋਣਾਂ ਵਿਚਕਾਰ ਦੋਹਾਂ ਧਿਰਾਂ ਵਿਚਾਲੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ । ਕਿਉਂਕਿ ਦੋਹਾਂ ਧਿਰਾਂ ਅਕਾਲੀ ਦਲ ਵਿਚੋਂ ਹੀ ਨਿਕਲੀਆਂ ਹਨ ਸੋ ਇਸ ਲਈ ਮਜ਼ਾਕੀਆ ਅੰਦਾਜ਼ ਚ ਇਕ ਦੂਜੇ ਨੂੰ ਘੇਰਿਆ ਜਾ ਰਿਹਾ ਹੈ ।ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਕਬਾਲ ਸਿੰਘ ਢੀਂਡਸਾ ਅਤੇ ਵਿਰਸਾ ਸਿੰਘ ਵਲਟੋਹਾ ਵਿਚਕਾਰ ਮਜ਼ੇਦਾਰ ਗੱਲਬਾਤ ਵੇਖਣ ਨੂੰ ਮਿਲੀ ।ਦੋਹਾਂ ਧਿਰਾਂ ਨੇ ਹਾਰਨ ‘ਤੇ ਵੱਡੇ ਉਲਟ ਫੇਰ ਦੀ ਗੱਲ ਕੀਤੀ ਹੈ ।
ਬੀਬੀ ਜਗੀਰ ਕੌਰ ਗਰੁੱਪ ਦੇ ਇਕਬਾਲ ਸਿੰਘ ਢੀਂਡਸਾ ਦੇ ਜਿੱਤ ਦੇ ਦਾਅਵੇ ‘ਤੇ ਵਲਟੋਹਾ ਨੇ ਚੁਟਕੀ ਲਈ । ਉਨ੍ਹਾਂ ਕਿਹਾ ਕਿ ਜੇਕਰ ਬੀਬੀ ਨੂੰ 25 ਤੋਂ ਵੀ ਘੱਟ ਵੋਟਾਂ ਪੈਂਦੀਆਂ ਤਾਂ ਕੀ ਢੀਂਡਸਾ ਮੁੜ ਮਾਂ ਪਾਰਟੀ ਚ ਵਾਪਸੀ ਕਰ ਲੈਣਗੇ ? ਵਲਟੋਹਾ ਅਤੇ ਪੱਤਰਕਾਰ ਦੇ ਸਵਾਲਾਂ ਚ ਫੰਸਦੇ ਹੋਏ ਇਕ ਵਾਰ ਤਾਂ ਢੀਂਡਸਾ ਸ਼ਰਤ ਮੰਨ ਗਏ ਸਨ ਪਰ ਬਾਅਦ ਚ ਉਨ੍ਹਾਂ ਪਰਮਿੰਦਰ ਢੀਂਡਸਾ ਦੀ ਅਕਾਲੀ ਦਲ ਚ ਵਾਪਸੀ ਕਰਵਾਉਣ ਦਾ ਕਹਿ ਕੇ ਚੈਲੇਂਜ ਸਵਿਕਾਰ ਕੀਤਾ ।
ਸਿਆਸਤ ਦੇ ਮਹਾਰਥੀ ਢੀਂਡਸਾ ਵੀ ਵਲਟੋਹਾ ਨੂੰ ਲਪੇਟਨ ਚ ਪਿੱਛੇ ਨਹੀਂ ਰਹੇ । ਉਨ੍ਹਾਂ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਜਿੱਤ ਜਾਂਦੀ ਤਾਂ ਕਿ ਅਕਾਲੀ ਦਲ ਸੁਖਬੀਰ ਬਾਦਲ ਨੂੰ ਪ੍ਰਧਾਨਣਗੀ ਤੋਂ ਲਾਂਭੇ ਕਰ ਦੇਵੇਗਾ ? ਹਲਕੇ ਫੁਲਕੇ ਅੰਦਾਜ ਚ ਹੋਈ ਚੈਲੇਂਜਬਾਜ਼ੀ ਦੇ ਅੰਤ ਚ ਦੋਹਾਂ ਧਿਰਾਂ ਨੇ ਇਕ ਦੂਜੇ ਦੀ ਚੁਣੌਤੀ ਫਿਲਹਾਲ ਕਬੂਲ ਕਰ ਲਈ ਹੈ ।ਸ਼੍ਰੌਮਣੀ ਕਮੇਟੀ ਦੀਆਂ ਚੋਣਾ ਨੂੰ ਲੈ ਕੇ ਲੰਮੇ ਸਮੇਂ ਬਾਅਦ ਅਜਿਹੀ ਕਸ਼ਮਕਸ਼ ਵੇਖਣ ਨੂੰ ਮਿਲ ਰਹੀ ਹੈ ।