ਦਿਲਜੀਤ ਦਾ ਤਰੀਕਾ! ਭਾਰਤੀਆਂ ਦਾ ਸਲੀਕਾ! ਕੈਨੇਡਾ ‘ਚ ਛਿੜੀ ਬਹਿਸ! CANADA NEWS


ਕੈਨੇਡਾ ਦੇ ਮਸ਼ਹੂਰ ਰੌਜਰਜ਼ ਸੈਂਟਰ ਸਟੇਡੀਅਮ ਟੋਰੰਟੋ ਵਿੱਚ ਹੋਏ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਕੰਸਰਟ ਦੌਰਾਨ ਕੁਝ ਲੋਕਾਂ ਵੱਲੋਂ ਸ਼ੋਅ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਇਸ ਵਾਰ ਪਹਿਲਾਂ ਤੋਂ ਹੀ ਮੁਸਤੈਦ ਪੁਲਿਸ ਨੇ ਭੀੜ ਵਿੱਚ ਵੜ ਕੇ ਹੰਗਾਮਾ ਕਰਨ ਵਾਲਿਆਂ ਨੂੰ ਧੱਕੇ ਮਾਰ ਕੇ ਸਟੇਡੀਅਮ ਤੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸੁਰੱਖਿਆ ਕਰਮੀ ਵੱਖਵਾਦੀ ਸਮਰਥਕਾਂ ਨੂੰ ਬਾਹਰ ਕੱਢਦੇ ਨਜ਼ਰ ਆ ਰਹੇ ਹਨ।

ਬਰੈਂਪਟਨ ਸ਼ਹਿਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਭਗਵਾਨ ਰਾਮ, ਮਾਤਾ ਸੀਤਾ ਅਤੇ ਭਗਵਾਨ ਹਨੂੰਮਾਨ ਦੇ ਪਹਿਰਾਵੇ ਵਿੱਚ ਤਿੰਨ ਵਿਅਕਤੀ ਇੱਕ ਗ੍ਰੋਸਰੀ ਸਟੋਰ ਦੇ ਅੰਦਰ ਘੁੰਮ ਰਹੇ ਹਨ। ਉਨ੍ਹਾਂ ਨੂੰ ਵੇਖਕੇ ਕੁੱਝ ਭਾਰਤੀ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਾ ਰਹੇ ਹਨ। ਇਸ ਵੀਡੀਓ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਗਾਹਕ ਦਿਖਾਈ ਦੇ ਰਹੇ ਹਨ। ਐਕਸ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਕਿ ਭਾਰਤੀਆਂ ਨੇ ਕੈਨੇਡਾ ਦੇ ਬਰੈਂਪਟਨ ਵਿੱਚ ਗ੍ਰੋਸਰੀ ਸਟੋਰ ‘ਤੇ ਕਬਜ਼ਾ ਕਰ ਲਿਆ ਅਤੇ ਹਿੰਦੂ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਕਲਿੱਪ ਨੇ ਪ੍ਰਵਾਸੀਆਂ ਦੇ ਵਿਵਹਾਰ, ਜਨਸੰਖਿਆ ਬਦਲਾਅ ਅਤੇ ਸੱਭਿਆਚਾਰਕ ਤਾਲਮੇਲ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਲਗਾਤਾਰ ਵਿਵਾਦਾਂ, ਭ੍ਰਿਸ਼ਟਾਚਾਰ ਅਤੇ ਵਿੱਤੀ ਕੁਪ੍ਰਬੰਧਾਂ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ‘ਕ੍ਰਿਕਟ ਕੈਨੇਡਾ’ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਭਾਰਤ ਦੇ ਅਹਿਮਦਾਬਾਦ ਵਿੱਚ ਹੋਈ ਬੋਰਡ ਮੀਟਿੰਗ ਤੋਂ ਬਾਅਦ ਕ੍ਰਿਕਟ ਕੈਨੇਡਾ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰ ਦਿੱਤਾ ਹੈ। ਆਈਸੀਸੀ ਮੁਤਾਬਕ ਕੈਨੇਡੀਅਨ ਸੰਸਥਾ ਨੇ ਮੈਂਬਰਸ਼ਿਪ ਦੇ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਕੀਤੀਆਂ ਹਨ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਆਈਸੀਸੀ ਨੇ ਕ੍ਰਿਕਟ ਕੈਨੇਡਾ ਦਾ ਫੰਡ ਰੋਕ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੁਧਾਰ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਸੀ।

29 ਮਈ ਨੂੰ ਰਿਲੀਜ਼ ਹੋਈ “ਚੜ੍ਹਦੀਕਲਾ” ਫਿਲਮ ਦੀ ਸਟਾਰ ਕਾਸਟ ਕੈਨੇਡਾ ਪਹੁੰਚੀ ਹੈ। ਸਟਾਰ ਕਾਸਟ ਨੇ ਫਿਲਮ ਦੀ ਪ੍ਰਮੌਸ਼ਨ ਦੀ ਸ਼ੁਰੂਆਤ ੳਨਟਾਰੀਓ ਖਾਲਸਾ ਦਰਬਾਰ ਵਿੱਖੇ ਨਤਮਸਤਕ ਹੋਕੇ ਕੀਤੀ। ਗੁਰੂ ਘਰ ਹਾਜ਼ਰੀ ਲਾਉਣ ਤੋਂ ਬਾਅਦ ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਨੇ ਸੰਗਤ ਨਾਲ ਫਿਲਮ “ਚੜ੍ਹਦੀਕਲਾ” ਬਾਰੇ ਵਿਸ਼ੇਸ਼ ਗੱਲਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਇਹ ਪਲ ਹੋਰ ਖਾਸ ਹੋ ਗਿਆ ਜਦੋਂ ਐਮੀ ਵਿਰਕ ਤੇ ਹਿੰਮਤ ਸੰਧੂ ਨੇ ੳੱਥੇ ਮੌਜੂਦ ਨੌਜਵਾਨਾਂ ਦੇ ਦਸਤਾਰਾਂ ਬੰਨ੍ਹੀਆਂ। ਫਿਲਮ ਦੀ ਸ਼ਲਾਘਾ ਕਰਦਿਆਂ ੳਨਟਾਰੀਓ ਖਾਲਸਾ ਦਰਬਾਰ ਕਮੇਟੀ ਦੇ ਮੈਂਬਰਾਂ ਵਲੋਂ ਪੂਰੀ ਸਟਾਰ ਕਾਸਟ ਦੇ ਕੰਮ ਨੂੰ ਸਰਾਹਿਆ ਗਿਆ।

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।