ਡਿੰਪੀ ਢਿੱਲੋਂ ਨੇ ਜਿੱਤਿਆ ਗਿੱਦੜਬਾਹੇ ਦਾ ‘ਕਿਲ੍ਹਾ’, 21 ਹਜ਼ਾਰ 801 ਵੋਟਾਂ ਨਾਲ ਅੰਮ੍ਰਿਤਾ ਵੜਿੰਗ ਨੂੰ ਹਰਾਇਆ

ਡੈਸਕ- ਕਾਂਗਰਸ ਆਪਣਾ ਗਿੱਦੜਬਾਹੇ ਦਾ ‘ਕਿਲ੍ਹਾ’ ਹਾਰ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 21 ਹਜ਼ਾਰ ਦੇ ਵੱਡੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਹਰਾਇਆ। ਹਾਲਾਂਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈਕੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਰਹੇ ਅਤੇ ਆਪਣੀ ਲੀਡ ਨੂੰ ਮਜ਼ਬੂਤ ਰੱਖਿਆ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਡਿੰਪੀ ਲੀਡ ਨੂੰ ਜਿੱਤ ਵਿੱਚ ਤਬਦੀਲ ਕਰਨ ਵਿੱਚ ਕਾਮਯਾਬ ਰਹੇ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 71 ਹਜ਼ਾਰ 198 ਵੋਟਾਂ ਮਿਲੀਆਂ। ਜਦੋਂ ਕਿ ਦੂਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਰਹੀ। ਜਿਸ ਨੂੰ 49 ਹਜ਼ਾਰ 397 ਵੋਟਾਂ ਮਿਲੀਆਂ। ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12 ਹਜ਼ਾਰ 174 ਵੋਟਾਂ ਮਿਲੀਆਂ।

ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਡਿੰਪੀ ਬਾਦਲ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ ਪਰ ਸੁਖਬੀਰ ਸਿੰਘ ਬਾਦਲ ਦੇ ਗਿੱਦੜਵਾਹਾ ਤੋਂ ਲੜਣ ਦੀਆਂ ਚਰਚਾਵਾਂ ਵਿਚਾਲੇ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹਨਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸੰਗਤਾਂ ਦਾ ਫੈਸਲਾ ਹੈ ਕਿ ਹੁਣ ਡਿੰਪੀ ਸਰਕਾਰ ਨਾਲ ਕੰਮ ਕਰੇ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ।