ਲੁਧਿਆਣਾ : ਪੀ.ਏ.ਯੂ. ਵਿਚ ਫਾਰਮ ਇਨੋਵੇਸ਼ਨਜ਼ ਸਪੋਰਟ ਪ੍ਰੋਗਰਾਮ ਤਹਿਤ ਪੀ.ਏ.ਯੂ. ਉਦਯੋਗ ਸਾਂਝ ਦੇ ਮੱਦੇਨਜ਼ਰ ਅੱਜ ਇਕ ਵਿਚਾਰ-ਚਰਚਾ ਹੋਈ । ਡਾ. ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿੱਚ ਕਰਵਾਈ ਗਈ ਇਸ ਚਰਚਾ ਵਿਚ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਨੂੰ ਕੇਂਦਰੀ ਮੁੱਦਾ ਬਣਾਇਆ ਗਿਆ ਸੀ।
ਇਸ ਵਿਚਾਰ ਚਰਚਾ ਵਿਚ ਮੁੱਦੇ ਨਾਲ ਸੰਬੰਧਤ ਵੱਖ-ਵੱਖ ਧਿਰਾਂ ਜਿਵੇਂ ਪੀ.ਏ.ਯੂ. ਅਧਿਕਾਰੀ, ਉਦਯੋਗਾਂ ਦੇ ਪ੍ਰਤੀਨਿਧ, ਮਸ਼ੀਨਰੀ ਮਾਹਿਰ, ਖੇਤੀ ਵਿਗਿਆਨੀ ਅਤੇ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਕਿਸਾਨ ਵੀ ਸ਼ਾਮਿਲ ਹੋਏ।
ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਬਰਾੜ ਨੇ ਇਸ ਸੰਬੰਧ ਵਿਚ ਦੱਸਿਆ ਕਿ ਕਿ੍ਰਸ਼ੀ ਵਿਗਿਆਨ ਕੇਂਦਰਾਂ ਵੱਲੋਂ ਇਸ ਮੁੱਦੇ ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਪਰਾਲੀ ਦੀ ਸੰਭਾਲ ਦੀ ਉੱਤਮ ਮਸ਼ੀਨਰੀ ਸਾਹਮਣੇ ਲਿਆਂਦੀ ਹੈ ਅਤੇ ਕਿਸਾਨਾਂ ਨੂੰ ਇਸ ਦੀ ਵਰਤੋਂ ਕਰਕੇ ਵਾਤਾਵਰਨ ਪੱਖੀ ਖੇਤੀ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਦੇ ਲਾਭ ਦੱਸਦਿਆਂ ਪ੍ਰੇਰਿਤ ਵੀ ਕੀਤਾ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਮੁੱਦੇ ਬਾਰੇ ਗੱਲਬਾਤ ਕਰਦਿਆਂ ਪਰਾਲੀ ਸਾੜਨ ਦੇ ਰੁਝਾਨ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਬੀਤੇ ਸਾਲਾਂ ਵਿਚ ਇਸ ਮੁੱਦੇ ਤੇ ਆਪਣੇ ਖੋਜ ਅਤੇ ਪਸਾਰ ਪ੍ਰੋਗਰਾਮ ਨੂੰ ਇਸ ਤਰਾਂ ਵਿਉਂਤਿਆ ਹੈ ਕਿ ਪਰਾਲੀ ਦੀ ਸੰਭਾਲ ਦਾ ਤਕਨੀਕੀ ਹੱਲ ਲੱਭਿਆ ਜਾ ਸਕੇ ।
ਇਸ ਦੇ ਬਾਵਜੂਦ ਇਸ ਸਮੱਸਿਆ ਦੀ ਪੂਰੀ ਤਰਾਂ ਰੋਕਥਾਮ ਲਈ ਸਮੁੱਚੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੌਕੇ ਪੀ.ਏ.ਯੂ. ਵੱਲੋਂ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਲਈ ਸਿਫ਼ਾਰਸ਼ ਕੀਤੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ।
ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਘੱਟ ਮਿਆਦ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਤੋਂ ਲੈ ਕੇ ਉੱਚ ਪੱਧਰੀ ਮਸ਼ੀਨਰੀ ਤੱਕ ਹਰ ਪੱਖ ਨੂੰ ਆਪਣੀ ਖੋਜ ਅਤੇ ਪਸਾਰ ਦਾ ਆਧਾਰ ਬਣਾਇਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰਾਂ ਨਾਲ ਪਰਾਲੀ ਦੀ ਸੰਭਾਲ ਕਰਨੀ ਸਮੇਂ ਦੀ ਲੋੜ ਹੈ।
ਡਾ. ਮਾਹਲ ਨੇ ਖੇਤ ਤੋਂ ਬਾਹਰ ਪਰਾਲੀ ਸੰਭਾਲਣ ਦੇ ਤਰੀਕਿਆਂ ਬਾਰੇ ਭਵਿੱਖ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ । ਸੀ ਆਈ ਆਈ ਤੋਂ ਸ੍ਰੀ ਚੰਦਰ ਕਾਂਤ ਪ੍ਰਧਾਨ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।
ਉਹਨਾਂ ਕਿਹਾ ਕਿ ਸੀ ਆਈ ਆਈ ਨੇ ਬੀਤੇ ਸਾਲਾਂ ਵਿਚ ਪੀ.ਏ.ਯੂ. ਨਾਲ ਸਹਿਯੋਗ ਕਰਕੇ ਇਸ ਦਿਸ਼ਾ ਵਿੱਚ ਕੰਮ ਕੀਤਾ ਹੈ ਪਰ ਅਜੇ ਹੋਰ ਕਾਰਜ ਕੀਤੇ ਜਾਣ ਦੀ ਗੁੰਜਾਇਸ਼ ਹੈ। ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਅਤੇ ਡਾ. ਵਿਸ਼ਾਲ ਬੈਕਟਰ ਦੀ ਨਿਗਰਾਨੀ ਹੇਠ ਕਿਸਾਨਾਂ ਨਾਲ ਇਕ ਖੁੱਲੀ ਵਿਚਾਰ-ਚਰਚਾ ਹੋਈ। ਕਿਸਾਨਾਂ ਨੇ ਪਰਾਲੀ ਦੀ ਸੰਭਾਲ ਦੀ ਦਿਸ਼ਾ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਆਪਣੇ ਤਜਰਬੇ ਸਾਂਝੇ ਕੀਤੇ।
ਆਰੰਭ ਵਿਚ ਅਪਰ ਨਿਰੇਦਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਸਵਾਗਤੀ ਸ਼ਬਦ ਕਹੇ ਜਦਕਿ ਡਾ. ਵਿਸ਼ਾਲ ਬੈਕਟਰ ਨੇ ਭਾਗ ਲੈਣ ਵਾਲਿਆਂ ਨਾਲ ਜਾਣ-ਪਛਾਣ ਕਰਵਾਈ। ਡਾ. ਜਸਕਰਨ ਸਿੰਘ ਮਾਹਲ ਨੇ ਅੰਤ ਵਿਚ ਸਮੁੱਚੀ ਵਿਚਾਰ-ਚਰਚਾ ਨੂੰ ਸਮੇਟਿਆ।
ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਤੇ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ, ਡਾ. ਰਾਜੀਵ ਗੁਪਤਾ, ਡਾ. ਰਾਜਨ ਅਗਰਵਾਲ ਤੋਂ ਇਲਾਵਾ ਕੋਟੇਵਾ ਇੰਡਸਟਰੀਜ਼ ਤੋਂ ਸ੍ਰੀ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਪੀ.ਏ.ਯੂ. ਦੀ ਮਸ਼ੀਨਰੀ ਅਤੇ ਪਰਾਲੀ ਸੰਭਾਲਣ ਦੀਆਂ ਸਿਫ਼ਾਰਸ਼ਾਂ ਦੀ ਇਕ ਪ੍ਰਦਰਸ਼ਨੀ ਵਿਸ਼ੇਸ਼ ਤੌਰ ‘ਤੇ ਲਾਈ ਗਈ ਸੀ ।
ਟੀਵੀ ਪੰਜਾਬ ਬਿਊਰੋ