Site icon TV Punjab | Punjabi News Channel

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਮਨਾਈ ਦਿਵਾਲੀ

ਜਲੰਧਰ : ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਅਤੇ ਸਥਾਨਕ ਅਬਾਦਪੁਰਾ ਰਿਸੋਰਸ ਕੇਂਦਰ ਵਿਚ ਆਯੋਜਿਤ ਇਕ ਪ੍ਰਦਰਸ਼ਨੀ ਦੌਰਾਨ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਗਈਆਂ ਸਮੁੱਚੀਆਂ ਰਚਨਾਤਮਕ ਵਸਤੂਆਂ ਦੀ ਖਰੀਦ ਕੀਤੀ।

ਡਿਪਟੀ ਕਮਿਸ਼ਨਰ ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਿੱਟੀ ਦੇ ਬਰਤਨ, ਮੋਮਬੱਤੀਆਂ, ਖਿਡੌਣੇ ਤੇ ਹੋਰ ਸਜਾਵਟੀ ਅਤੇ ਸੁੰਦਰ ਵਸਤੂਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਵਿਦਿਆਰਥੀਆਂ ਨੂੰ ਹੌਸਲਾ ਅਫਜ਼ਾਈ ਵਜੋਂ 25000 ਰੁਪਏ ਦੇ ਕੇ ਸਮੁੱਚਾ ਸਟਾਕ ਖਰੀਦ ਲਿਆ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨਾਲ ਰੌਸ਼ਨੀਆਂ ਦਾ ਤਿਉਹਾਰ ਮਨਾਉਣਾ ਉਨ੍ਹਾਂ ਲਈ ਬਹੁਤ ਹੀ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇੱਥੇ ਇਹ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ ਹੈ। ਸ਼੍ਰੀ

ਥੋਰੀ ਨੇ ਕਿਹਾ ਕਿ ਦੀਵਾਲੀ ਦੀਆਂ ਚਮਕੀਆਂ ਰੌਸ਼ਨੀਆਂ ਨਾ ਸਿਰਫ਼ ਹਰ ਘਰ ਨੂੰ ਰੌਸ਼ਨ ਕਰਦੀਆਂ ਹਨ ਸਗੋਂ ਇਹ ਹਨੇਰੇ ’ਤੇ ਚਾਨਣ, ਬੁਰਾਈ ’ਤੇ ਚੰਗਿਆਈ ਅਤੇ ਨਿਰਾਸ਼ਾ ’ਤੇ ਆਸ਼ਾ ਦੀ ਜਿੱਤ ਦਾ ਪ੍ਰਤੀਕ ਵੀ ਹਨ।

ਡਿਪਟੀ ਕਮਿਸ਼ਨਰ ਨੇ ਉਮੀਦ ਪ੍ਰਗਟ ਕੀਤੀ ਕਿ ਇਹ ਦੀਵਾਲੀ ਇਕ ਵਾਰ ਫਿਰ ਲੋਕਾਂ ਲਈ ਸ਼ਾਂਤੀ, ਅਤੇ ਖੁਸ਼ਹਾਲੀ ਲੈ ਕੇ ਆਵੇਗੀ, ਨਾਲ ਹੀ ਉਨ੍ਹਾਂ ਵਿਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗੀ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਤਿਉਹਾਰ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਰਵਾਇਤੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਜਾਵੇ, ਜਿਸ ਨਾਲ ਸਦਭਾਵਨਾ ਅਤੇ ਏਕਤਾ ਦੇ ਬੰਧਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਡੀ.ਈ.ਓ. ਸ਼੍ਰੀ ਰਾਮਪਾਲ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਨੂੰ ਜ਼ਿਲ੍ਹੇ ਦੇ ਸਕੂਲਾਂ ਅਤੇ ਅਜਿਹੇ ਵਿਸ਼ੇਸ਼ ਰਿਸੋਰਸ ਕੇਂਦਰਾਂ ਰਾਹੀਂ ਮੁਫ਼ਤ ਸਿੱਖਿਆ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਟੀਵੀ ਪੰਜਾਬ ਬਿਊਰੋ

Exit mobile version