ਚੋਣ ਧੋਖਾਧੜੀ ਦੇ ਮਾਮਲੇ ’ਚ ਟਰੰਪ ਦੇ ਦੋ ਵਕੀਲਾਂ ਨੇ ਕੀਤਾ ਆਤਮ ਸਮਰਪਣ

Atlanta- ਜਾਰਜੀਆ ਚੋਣ ’ਚ ਗੜਬੜੀ ਦੇ ਮਾਮਲੇ ’ਚ ਟਰੰਪ ਦੇ ਦੋ ਪ੍ਰਮੁੱਖ ਵਕੀਲਾਂ ਰੂਡੀ ਜਿਉਲਿਆਨੀ ਅਤੇ ਸਿਡਨੀ ਪਾਵੇਲ ਬੁੱਧਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਨਿਊਯਾਰਕ ਸ਼ਹਿਰ ਦੇ ਸਾਬਕਾ ਮੇਅਰ, ਜਿਨ੍ਹਾਂ ਨੂੰ 9/11 ਮਗਰੋਂ ਉਨ੍ਹਾਂ ਦੀ ਅਗਵਾਈ ਲਈ ‘ਅਮਰੀਕਾ ਦੇ ਮੇਅਰ’ ਦੇ ਰੂਪ ’ਚ ਜਾਣਿਆ ਜਾਂਦਾ ਹੈ, ’ਤੇ ਟਰੰਪ ਅਤੇ 17 ਹੋਰਨਾਂ ਲੋਕਾਂ ਸਣੇ ਜਾਰਜੀਆ ਦੇ ਰੈਕੇਟੀਅਰ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨ ਐਕਟ ਤਹਿਤ ਦੋਸ਼ ਲਗਾਏ ਗਏ ਹਨ। ਅਟਾਰਨੀ ਸਿਡਨੀ ਪਾਵੇਲ ’ਤੇ ਟਰੰਪ ਦੇ ਝੂਠੇ ਧੋਖਾਧੜੀ ਦੇ ਦਾਅਵਿਆਂ ਨੂੰ ਉਤਾਸ਼ਹਿਤ ਕਰਨ ’ਚ ਮੋਹਰੀ ਭੂਮਿਕਾ ਨਿਭਾਉਣ ਦੇ ਦੋਸ਼ ਲੱਗੇ ਹਨ।
ਬੁੱਧਵਾਰ ਨੂੰ ਅਟਲਾਂਟਾ ਲਈ ਉਡਾਣ ਭਰਨ ਤੋਂ ਪਹਿਲਾਂ ਜਿਉਲਿਆਨੀ ਨੇ 150,000 ਡਾਲਰ ਬਾਂਡ ਪੈਕੇਜ ਲਈ ਸਹਿਮਤੀ ਦਿੱਤੀ। ਉੱਥੇ ਹੀ ਪਾਵੇਲ 100,000 ਡਾਲਰ ਬਾਂਡ ’ਤੇ ਸਹਿਮਤ ਹੋਏ ਹਨ।
79 ਸਾਲਾ ਜਿਉਲਿਆਨੀ ’ਤੇ ਜਾਰਜੀਆ ਅਤੇ ਕਰੀਬੀ ਮੁਕਾਬਲੇ ਵਾਲੇ ਹੋਰਨਾਂ ਸੂਬਿਆਂ ’ਚ ਸੰਸਦ ਮੈਂਬਰਾਂ ਨੂੰ ਵੋਟਰਾਂ ਦੀ ਇੱਛਾ ਨੂੰ ਨਜ਼ਰਅੰਦਾਜ਼ ਕਰਨ ਅਤੇ ਟਰੰਪ ਦੇ ਅਨੁਕੂਲ ਇਲੈਕਟੋਰਲ ਕਾਲਜ ਵੋਟਰਾਂ ਦੀ ਗ਼ੈਰ-ਕਾਨੂੰਨੀ ਨਿਯੁਕਤੀ ਲਈ ਮਜ਼ਬੂਰ ਕਰਨ ਦੇ ਟਰੰਪ ਦੇ ਯਤਨਾਂ ਦੀ ਅਗਵਾਈ ਕਰਨ ਦਾ ਦੋਸ਼ ਹੈ।
ਜਾਰਜੀਆ ਉਨ੍ਹਾਂ ਕਈ ਪ੍ਰਮੁੱਖ ਸ਼ਹਿਰਾਂ ’ਚੋਂ ਇੱਕ ਸੀ, ਜਿੱਥੇ ਕਿ ਟਰੰਪ ਮਾਮੂਲੀ ਫਰਕ ਨਾਲ ਹਾਰ ਗਏ ਸਨ, ਜਿਸ ਕਾਰਨ ਰੀਪਬਲਿਕਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਿਨਾਂ ਕਿਸੇ ਸਬੂਤ ਤੋਂ ਇਹ ਐਲਾਨ ਕਰਨ ਲਈ ਮਜ਼ਬੂਰ ਹੋਣਾ ਪਿਆ ਕਿ ਚੋਣਾਂ ’ਚ ਉਨ੍ਹਾਂ ਦੇ ਵਿਰੋਧੀ ਜੋਅ ਬਾਇਡਨ ਵਲੋਂ ਘਪਲਾ ਕੀਤਾ ਗਿਆ ਹੈ।
ਜਿਉਲਿਆਨੀ ’ਤੇ ਝੂਠੇ ਬਿਆਨ ਦੇਣ ਅਤੇ ਝੂਠੀ ਗਵਾਹੀ ਮੰਗਣ, ਫ਼ਰਜ਼ੀ ਕਾਰਵਾਈ ਕਰਨ ਦੀ ਸਾਜ਼ਿਸ਼ ਰਚਣ ਸਣੇ ਕਈ ਦੋਸ਼ ਲੱਗੇ ਹਨ। ਫੁਲਟਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਫੈਨੀ ਵਿਲਿਸ ਨੇ ਕਿਹਾ ਹੈ ਕਿ ਦੋਸ਼ੀ ਸਾਬਤ ਹੋਣ ’ਤੇ ਜਿਉਲਿਆਨੀ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਜਾਵੇਗੀ। ਹਾਲਾਂਕਿ ਜਿਉਲਿਆਨੀ ਨੇ ਗ਼ਲਤ ਕੰਮਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਹ ਦਲੀਲ ਦਿੱਤੀ ਹੈ ਕਿ ਉਸ ਨੂੰ ਚੋਣ ਧੋਖਾਧੜੀ ਦੇ ਬਾਰੇ ’ਚ ਸਵਾਲ ਚੁੱਕਣ ਦਾ ਅਧਿਕਾਰ ਸੀ।
ਭਲਕੇ ਆਤਮ ਸਮਰਪਣ ਕਰ ਸਕਦੇ ਹਨ ਟਰੰਪ
ਉੱਧਰ ਚੋਣ ਧੋਖਾਧੜੀ ਦੇ ਇਸ ਚੌਥੇ ਮਾਮਲੇ ’ਚ ਟਰੰਪ ਭਲਕੇ ਆਤਮ ਸਮਰਪਣ ਕਰ ਸਕਦੇ ਹਨ। ਉੱਥੇ ਹੀ ਇਸ ਮਾਮਲੇ ’ਚ ਨਾਮਜ਼ਦ ਬਾਕੀਆਂ 10 ਸਹਿ-ਮੁਲਜ਼ਮਾਂ ਕੋਲ ਆਤਮ-ਸਮਰਪਣ ਕਰਨ ਲਈ ਸ਼ੁੱਕਰਵਾਰ ਤੱਕ ਦਾ ਸਮਾਂ ਹੈ। ਹਾਲਾਂਕਿ ਫੁਲਟਨ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਫੈਨੀ ਵਿਲਿਸ ਦੀ ਟੀਮ ਆਤਮ ਸਮਰਪਣ ਕਰਨ ਤੋਂ ਪਹਿਲਾਂ ਬਚਾਅ ਪੱਖ ਦੇ ਵਕੀਲਾਂ ਨਾਲ ਬਾਂਡ ਦੀ ਰਕਮ ਅਤੇ ਸ਼ਰਤਾਂ ’ਤੇ ਗੱਲਬਾਤ ਕਰ ਰਹੀ ਹੈ।