Toronto- ਟੋਰਾਂਟੋ ’ਚ ਛੁਰੇਬਾਜ਼ੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਅਤੇ ਸ਼ਹਿਰ ’ਚ ਅਕਸਰ ਹੁੰਦੀਆਂ ਅਜਿਹੀਆਂ ਵਾਰਦਾਤਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਲੋਕਾਂ ਦੇ ਮਨਾਂ ’ਚ ਪੁਲਿਸ ਪ੍ਰਸ਼ਾਸਨ ਦਾ ਕੋਈ ਖ਼ੌਫ ਹੀ ਨਾ ਹੋਵੇ। ਹੁਣ ਤਾਜ਼ਾ ਮਾਮਲਾ ਇੱਥੋਂ ਦੀ ਮਾਸ ਪਾਰਕ ਦਾ ਸਾਹਮਣਾ ਆਇਆ ਹੈ, ਜਿੱਥੇ ਕਿ ਇਸ ਵਾਰਦਾਤ ’ਚ ਦੋ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਛੁਰੇਬਾਜ਼ੀ ਦੀ ਇਹ ਘਟਨਾ ਪਾਰਲੀਮੈਂਟ ਅਤੇ ਕੁਈਨਜ਼ ਸਟਰੀਟ ਇਲਾਕੇ ’ਚ ਸੋਮਵਾਰ ਤੜਕੇ ਕਰੀਬ 4.30 ਵਜੇ ਵਾਪਰੀ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਨੇ ਦੱਸਿਆ ਕਿ ਛੁਰੇਬਾਜ਼ੀ ’ਚ ਜ਼ਖ਼ਮੀ ਹੋਏ ਦੋਹਾਂ ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਹੈ ਅਤੇ ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈੇ। ਦੋਹਾਂ ’ਚੋਂ ਇੱਕ ਨੌਜਵਾਨ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੈ ਪਰ ਉਸ ਦੇ ਬਚਣ ਦੀ ਉਮੀਦ ਹੈ।
ਉੱਧਰ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਸੰਭਾਵਿਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।