ਡੈਸਕ- ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚ ਫੇਰਬਦਲ ਦੇਖਣ ਨੂੰ ਮਿਲ ਰਹੇ ਹਨ। ਇਸ ਵਿਚਾਲੇ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਡਾ. ਧਰਮਵੀਰ ਗਾਂਧੀ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਵਿਖੇ ਅਪਣੀ ਨਵਾਂ ਪੰਜਾਬ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰ ਲਿਆ ਹੈ। ਖ਼ਬਰਾਂ ਹਨ ਕਿ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣਾ ਚਾਹੁੰਦੀ ਹੈ।
ਦੱਸ ਦੇਈਏ ਕਿ ਡਾ. ਗਾਂਧੀ ਨੇ ਸਾਲ 2019 ਵਿਚ ਆਜ਼ਾਦ ਚੋਣ ਲੜਦਿਆਂ ਵੀ 1,61,645 ਵੋਟਾਂ ਨਾਲ ਪਟਿਆਲਾ ’ਚ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56,877 ਵੋਟਾਂ ਮਿਲੀਆਂ ਸਨ। ਸਾਲ 2014 ’ਚ ਡਾ. ਗਾਂਧੀ ਨੇ ਪਟਿਆਲਾ ਲੋਕ ਸਭਾ ’ਚ 3,65,671 ਵੋਟ ਹਾਸਲ ਕਰ ਕੇ ਪ੍ਰਨੀਤ ਕੌਰ ਨੂੰ ਹਰਾਇਆ ਸੀ।
ਡਾ. ਧਰਮਵੀਰ ਗਾਂਧੀ ਨੇ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ’ਚ ਵੀ ਸ਼ਮੂਲੀਅਤ ਕੀਤੀ ਸੀ। ਪਹਿਲਾਂ ਉਹ ਰਾਹੁਲ ਗਾਂਧੀ ਨਾਲ ਰਾਜਪੁਰਾ ਤੋਂ ਲੁਧਿਆਣਾ ਤਕ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਉਹ ਜੰਮੂ ਕਸ਼ਮੀਰ ਦੇ ਲਾਲ ਚੌਕ ਵਿਚ ਲਗਾਤਾਰ ਤਿੰਨ ਦਿਨ ਰਾਹੁਲ ਗਾਂਧੀ ਨਾਲ ਰਹੇ। ਡਾ. ਗਾਂਧੀ ਫਿਰ ਕੰਨਿਆਕੁਮਾਰੀ ’ਚ ਵੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ ਸਨ।
ਕਾਰਡੀਓਲੋਜਿਸਟ ਤੋਂ ਸਿਆਸਤਦਾਨ ਬਣੇ ਡਾ. ਗਾਂਧੀ 2013 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। 2014 ‘ਚ ‘ਆਪ’ ਨੇ ਉਨ੍ਹਾਂ ਨੂੰ ਅਪਣਾ ਉਮੀਦਵਾਰ ਬਣਾਇਆ ਸੀ। ਇਨ੍ਹਾਂ ਚੋਣਾਂ ਵਿਚ ਪ੍ਰਨੀਤ ਕੌਰ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ਵਿਚ ਸਨ। ਡਾ. ਗਾਂਧੀ ਨੇ ਪ੍ਰਨੀਤ ਕੌਰ ਨੂੰ 20,942 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਪਰ 2016 ਵਿਚ ਡਾ. ਗਾਂਧੀ ਨੇ ਆਪਸੀ ਮੱਤਭੇਦਾਂ ਕਾਰਨ ‘ਆਪ’ ਛੱਡ ਦਿਤੀ ਸੀ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਅਪਣੀ ਵੱਖਰੀ ਪਾਰਟੀ ਨਵਾਂ ਪੰਜਾਬ ਬਣਾਈ ਸੀ।