ਚੰਡੀਗੜ੍ਹ- ਪੰਜਾਬ ਚੋਣਾ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਗਰਮ ਪੰਥੀਆਂ ਨਾਲ ਸਬੰਧ ਹੋਣ ਦਾ ਬਿਆਨ ਦੇਣ ਵਾਲੇ ਕਵਿ ਕੁਮਾਰ ਵਿਸ਼ਵਾਸ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ ।ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਦਰਜ ਕੇਸ ਚ ਡਾ. ਵਿਸ਼ਵਾਸ ਨੂੰ ਜ਼ਮਾਨਤ ਦੇ ਦਿੱਤੀ ਹੈ ।ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕੇਸ ਖਾਰਿਜ ਕਰਨ ਵਾਲੀ ਲਗਾਈ ਗਈ ਅਰਜ਼ੀ ‘ਤੇ ਸੁਣਵਾਈ ਜਾਰੀ ਰਹੇਗੀ । ਵਿਸ਼ਵਾਸ ਨੂੰ ਅਦਾਲਤ ਵਲੋਂ ਮਿਲੀ ਇਸ ਰਾਹਤ ਨੂੰ ਆਮ ਆਦਮੀ ਪਾਰਟੀ ਲਈ ਝਟਕਾ ਮੰਨਿਆ ਜਾ ਰਿਹਾ ਹੈ ।
‘ਆਪ’ ਵਰਕਰ ਦੀ ਸ਼ਿਕਾਇਤ ‘ਤੇ ਰੋਪੜ ਦੇ ਸਦਰ ਥਾਣਾ ਚ ਕੇਸ ਦਰਜ ਕੀਤਾ ਗਿਆ ਹੈ ।ਬੀਤੇ ਹਫਤੇ ਰੋਪੜ ਦੀ ਪੁਲਿਸ ਡਾ ਵਿਸ਼ਵਾਸ ਨੂੰ ਸੰਮਨ ਦੇਣ ਲਈ ਗਾਜ਼ਿਆਬਾਦ ਚਲੀ ਗਈ ਸੀ । ਜਿਸਦੀ ਸੂਚਨਾ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਜਨਤਾ ਨੂੰ ਦਿੱਤੀ ਸੀ । ਇਸਦੇ ਨਾਲ ਹੀ ਕਾਂਗਰਸੀ ਨੇਤਰੀ ਅਲਕਾ ਲਾਂਬਾ ਨੂੰ ਨੋਟਿਸ ਭੇਜਿਆ ਗਿਆ ਸੀ । ਦੋਹਾਂ ‘ਤੇ ਕੇਜਰੀਵਾਲ ਖਿਲਾਫ ਸਖਤ ਬਿਆਨਬਾਜੀ ਦਾ ਇਲਜ਼ਾਮ ਹੈ ।
ਸਿਆਸਤ ਚ ਰਿਸ਼ਤੇ ਕਿਸ ਤਰ੍ਹਾਂ ਬਦਲ ਜਾਂਦੇ ਹਨ । ਕੁੱਝ ਸਮਾਂ ਪਹਿਲਾਂ ਇਨ੍ਹਾਂ ਨੇਤਾਵਾਂ ਵਲੋਂ ਇਕੱੱਠਿਆ ਹੀ ਸਿਆਸਤ ਚ ਪ੍ਰਵੇਸ਼ ਕੀਤਾ ਗਿਆ ਸੀ ।ਅੰਨਾ ਹਜ਼ਾਰੇ ਦੇ ਮੰਚ ਤੋਂ ਸ਼ੋਹਰਤ ਹਾਸਿਲ ਕਰਕੇ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਸਿਆਸੀ ਪਾਰਟੀ ਦਾ ਗਠਨ ਕੀਤਾ ਸੀ ।ਇੰਡੀਆ ਅਗੇਂਸਟ ਕਰੱਪਸ਼ਨ ਦੇ ਮੰਚ ‘ਤੇ ਇੱਕਠੇ ਹੋਏ ਕਈ ਨੇਤਾ ਹੁਣ ਕੇਜਰੀਵਾਲ ਦਾ ਸਾਥ ਛੱਡ ਚੁੱਕੇ ਹਨ ।