Site icon TV Punjab | Punjabi News Channel

ਮਾਨ ਸਰਕਾਰ ‘ਤੇ ਭੜਕੀ ਮੈਡਮ ਸਿੱਧੂ , ਬੋਲੀ ‘ਸਿੱਧੂ ਖੂੰਖਾਰ ਜਾਨਵਰ, ਸੱਭ ਦੂਰ ਰਹਿਣ’

ਡੈਸਕ- ਪਟਿਆਲਾ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆਂ ‘ਤੇ ਟਵੀਟ ਕਰਦਿਆ ਲਿਖਿਆ,” ਨਵਜੋਤ ਸਿੰਘ ਸਿੱਧੂ ਖੂੰਖਾਰ ਜਾਨਵਰ ਦੀ ਕੈਟੇਗਰੀ ਵਿੱਚ ਆਉਂਦੇ ਹਨ, ਇਸ ਲਈ ਸਰਕਾਰ ਨਹੀਂ ਚਾਹੁੰਦੀ ਕਿ ਉਨ੍ਹਾਂ ਨੂੰ 75ਵੀਂ ਆਜ਼ਾਦੀ ਉੱਤੇ ਰਾਹਤ ਮਿਲੇ, ਇਸ ਲਈ ਸਾਰੇ ਸਿੱਧੂ ਤੋਂ ਦੂਰ ਰਹੋ।”

ਦੱਸ ਦੇਈਏ ਕਿ ਪਹਿਲਾਂ ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਸੀ ਕਿ ਨਵਜੋਤ ਸਿੱਧੂ 26 ਜਨਵਰੀ ਨੂੰ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਅਤੇ ਇਸ ਦੇ ਲਈ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦੇ ਸੁਆਗਤ ਲਈ ਹੋਰਡਿੰਗ ਤੱਕ ਵੀ ਲਗਵਾ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬੁੱਧਵਾਰ ਨੂੰ ਨਵਜੋਤ ਸਿੱਧੂ ਦੀ ਫੇਸਬੁਕ ‘ਤੇ ਉਸ ਦੀ ਰਿਹਾਈ ਨੂੰ ਲੈ ਕੇ ਰੋਡਮੈਪ ਜਾਰੀ ਕੀਤਾ ਗਿਆ ਸੀ। ਸਿੱਧੂ ਦੀ ਟੀਮ ਨੇ ਰੋਡ ਮੈਪ ਜਾਰੀ ਕਰਦੇ ਹੋਏ ਲਿਖਿਆ ਕਿ ‘ਸਭ ਨੂੰ ਬੇਨਤੀ ਹੈ ਕਿ ਹਰਮਨ ਪਿਆਰੇ ਨੇਤਾ ਨਵਜੋਤ ਸਿੱਧੂ ਦੇ ਸੁਆਗਤ ਲਈ ਨਿਸ਼ਚਿਤ ਸਥਾਨਾਂ ਉੱਤੇ ਇਕੱਠੇ ਹੋਣ।’

ਦੱਸ ਦੇਈਏ ਕਿ ਰੋਡਰੇਜ਼ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਸੀ। 1988 ਵਿੱਚ ਪੰਜਾਬ ਵਿੱਚ ਹੋਈ ਰੋਡਰੇਜ਼ ਦੀ ਇੱਕ ਘਟਨਾ ਵਿੱਚ ਸਿੱਧੂ ਦੇ ਮੁੱਕੇ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ ਸਿੱਧੂ ਨੂੰ ਇੱਕ ਸਾਲ ਕੈਦ ਦੀ ਸਜ਼ਾ ਦਿੱਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਸਿੱਧੂ ਨੂੰ ਗੈਰ-ਇਰਾਦਾ ਕਤ.ਲ ਤੋਂ ਬੜੀ ਕਰ ਦਿੱਤਾ ਸੀ ਤੇ 1 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਸ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

Exit mobile version