ਨੂਹ ਹਿੰਸਾ ਮਾਮਲਾ: ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫ਼ਤਾਰ

ਡੈਸਕ- ਹਰਿਆਣਾ ਪੁਲਿਸ ਨੇ ਵੀਰਵਾਰ ਦੇਰ ਰਾਤ ਰਾਜਸਥਾਨ ਦੇ ਫ਼ਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਨੂਹ ਹਿੰਸਾ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਸਤੀਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਮਨ ਖਾਨ ਨੂੰ ਸ਼ੁੱਕਰਵਾਰ ਯਾਨੀ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਹੀ ਹਾਈ ਕੋਰਟ ਨੂੰ ਦੱਸਿਆ ਕਿ 31 ਜੁਲਾਈ ਨੂੰ ਨੂਹ ਵਿਚ ਹੋਈ ਫਿਰਕੂ ਹਿੰਸਾ ਦੇ ਸਬੰਧ ਵਿਚ ਦਰਜ ਐਫਆਈਆਰ ਵਿਚੋਂ ਇੱਕ ਵਿਚ ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਪੁਲਿਸ ਕੋਲ ਮਾਮਨ ਖ਼ਾਨ ਖ਼ਿਲਾਫ਼ ਕਾਫ਼ੀ ਸਬੂਤ ਹਨ। ਕਾਂਗਰਸੀ ਵਿਧਾਇਕ ਖਾਨ ਨੂੰ ਸਬੂਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਦੋਸ਼ੀ ਬਣਾਇਆ ਗਿਆ ਹੈ। ਸੂਬਾ ਸਰਕਾਰ ਦੇ ਵਕੀਲ ਨੇ ਇਹ ਖ਼ੁਲਾਸਾ ਉਸ ਸਮੇਂ ਕੀਤਾ ਜਦੋਂ ਖ਼ਾਨ ਦੀ ਪਟੀਸ਼ਨ ‘ਤੇ ਵੀਰਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਚੱਲ ਰਹੀ ਸੀ। ਮਾਮਨ ਖਾਨ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਆਪਣੇ ਖਿਲਾਫ਼ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਰਾਹਤ ਦੀ ਮੰਗ ਕੀਤੀ ਸੀ।

ਸੂਤਰਾਂ ਨੇ ਦੱਸਿਆ ਹੈ ਕਿ ਖ਼ਾਨ ਨੂੰ ਨੂਹ ਦੇ ਨਗੀਨਾ ਥਾਣੇ ‘ਚ ਫਿਰਕੂ ਹਿੰਸਾ ਦੇ ਸਬੰਧ ‘ਚ ਦਰਜ ਐੱਫਆਈਆਰ ‘ਚ ਦੋਸ਼ੀ ਬਣਾਇਆ ਗਿਆ ਹੈ। ਪੁਲਿਸ ਜਾਂਚ ਵਿਚ ਪਾਇਆ ਗਿਆ ਕਿ ਖਾਨ ਕਥਿਤ ਤੌਰ ‘ਤੇ ਮੁਹੰਮਦ ਤੌਫੀਕ ਨਾਮ ਦੇ ਇੱਕ ਸ਼ੱਕੀ ਨਾਲ ਫੋਨ ‘ਤੇ ਸੰਪਰਕ ਵਿਚ ਸੀ। ਤੌਫੀਕ ਨੂੰ ਹਿੰਸਾ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮਾਮਨ ਖਾਨ ਨੂੰ 31 ਅਗਸਤ ਨੂੰ ਪਹਿਲੀ ਵਾਰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਹ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ।