ਡੈਸਕ- ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਸ਼ੁੱਕਰਵਾਰ ਤੜਕੇ ਅੱਧੇ ਘੰਟੇ ਦੇ ਅੰਦਰ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਡਰੇ ਲੋਕ ਘਰਾਂ ਅਤੇ ਅਪਾਰਟਮੈਂਟਾਂ ਤੋਂ ਬਾਹਰ ਆ ਗਏ। ਇਸ ਦੌਰਾਨ ਕੁਝ ਲੜਕੇ ਗਲੀ ‘ਚ ਬੈਠੇ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਦੇਖੇ ਗਏ। ਫਿਲਹਾਲ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਤੜਕੇ 4:09 ਤੋਂ 4:25 ਦਰਮਿਆਨ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 3.4 ਅਤੇ 4.4 ਦੇ ਵਿਚਕਾਰ ਮਾਪੀ ਗਈ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਰਾਜਸਥਾਨ ਦੇ ਜੈਪੁਰ ‘ਚ 4.4 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਲਗਾਤਾਰ ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 4.09 ਵਜੇ ਮਹਿਸੂਸ ਕੀਤਾ ਗਿਆ। ਇਸ ਦਾ ਦੂਜਾ ਝਟਕਾ ਸਵੇਰੇ 4.23 ਵਜੇ ਅਤੇ ਤੀਜਾ ਝਟਕਾ 4.25 ਵਜੇ ਲੱਗਾ। ਲੋਕ ਸੜਕਾਂ ‘ਤੇ ਇੱਕ ਦੂਜੇ ਦਾ ਹਾਲ-ਚਾਲ ਪੁੱਛਦੇ ਵੀ ਦੇਖੇ ਗਏ।
ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਟਵੀਟ ਕੀਤਾ ਕਿ ਜੈਪੁਰ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਜੈਪੁਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।