Victoria- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਹਾਲ ਹੀ ’ਚ ਅਟਲਾਂਟਿਕ ਕੈਨੇਡਾ ’ਚ ਘਰੇਲੂ ਹੀਟਿੰਗ ਤੇਲ ’ਤੇ ਤਿੰਨ ਸਾਲਾਂ ਲਈ ਛੋਟ ਦੇਣ ਅਤੇ ਪੇਂਡੂ ਖੇਤਰਾਂ ’ਚ ਲੋਕਾਂ ਲਈ ਉੱਚ ਕਾਰਬਨ ਟੈਕਸ ਛੋਟ ਨੂੰ ਦੁੱਗਣਾ ਕਰਨ ਲਈ ਕੀਤੇ ਗਏ ਐਲਾਨ ਨੂੰ ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਗ਼ਲਤ ਕਿਹਾ ਹੈ। ਪ੍ਰੀਮੀਅਰ ਈ. ਬੀ. ਨੇ ਕਿਹਾ ਕਿ ਇਸ ਛੋਟ ’ਚੋਂ ਬੀ. ਸੀ. ਨੂੰ ਬਾਹਰ ਰੱਖਣਾ ਸਹੀ ਨਹੀਂ ਹੈ।
ਪ੍ਰਧਾਨ ਮੰਤਰੀ ਟਰੂਡੋ ਵਲੋਂ ਪਛਲੇ ਹਫ਼ਤੇ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਛੋਟ 10 ਸੂਬਿਆਂ ਅਤੇ ਪ੍ਰਦੇਸ਼ਾਂ ’ਤੇ ਲਾਗੂ ਹੁੰਦੀ ਹੈ ਜਿੱਥੇ ਫੈਡਰਲ ਫਿਊਲ ਚਾਰਜ ਲਾਗੂ ਹੁੰਦਾ ਹੈ। ਹਾਲਾਂਕਿ ਐਟਲਾਂਟਿਕ ਕੈਨੇਡਾ ’ਚ ਘਰੇਲੂ ਬਾਲਣ ਦੇ ਤੇਲ ਦੀ ਵਰਤੋਂ ਵਧੇਰੇ ਪ੍ਰਚਲਿਤ ਹੈ। ਉੱਥੇ ਹੀ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਅਤੇ ਨਾਰਥਵੈਸਟ ਟੈਰੀਟਰੀਜ਼ ਨੂੰ ਇਸ ’ਚੋਂ ਬਾਹਰ ਰੱਖਿਆ ਗਿਆ ਹੈ ਕਿਉਂਕਿ ਇਹ ਆਪਣਾ ਈਂਧਨ ਟੈਕਸ ਇਕੱਠਾ ਕਰਦੇ ਹਨ।
ਈਬੀ, ਜਿਸ ਨੂੰ ਸੂਬੇ ਦੇ ਕਾਰਬਨ ਟੈਕਸਾਂ ’ਚ ਕਟੌਤੀ ਕਰਨ ਲਈ ਵਿਰੋਧੀ ਧਿਰ ਦੇ ਸਿਆਸਤਦਾਨਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਕਿਹਾ ਕਿ ਐਟਲਾਂਟਿਕ ਕੈਨੇਡਾ ਦੇ ਵਾਂਗ ਹੀ ਬੀ. ਸੀ. ’ਚ ਵੀ ਲੋਕ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ।
ਉਨ੍ਹਾਂ ਨੇ ਸੋਮਵਾਰ ਨੂੰ ਵਿਕਟੋਰੀਆ ਕਿਹਾ ਕਿ ਇੱਕ ਪ੍ਰਸਤਾਵਿਤ ਹੀਟ-ਪੰਪ ਛੋਟ ਜੋ ਕਿ ਐਟਲਾਂਟਿਕ ਕੈਨੇਡਾ ’ਚ ਪਾਇਲਟ ਕੀਤੀ ਜਾ ਰਹੀ ਹੈ, ਨੂੰ ਬੀ.ਸੀ. ’ਚ ਵੀ ਮੁਹੱਈਆ ਕਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੀ. ਸੀ. ਦੇ ਵੀ ਹੀਟਿੰਗ ਨੂੰ ਲੈ ਕੇ ਐਟਲਾਂਟਿਕ ਕੈਨੇਡੀਅਨਾਂ ਵਾਂਗ ਹੀ ਸੰਘਰਸ਼ ਕਰ ਰਹੇ ਹਨ, ਇਸ ਲਈ ਬੀ. ਸੀ. ਵਾਸੀਆਂ ਨਾਲ ਵੀ ਨਿਰਪੱਖ ਸਲੂਕ ਕੀਤਾ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬੀ.ਸੀ. ਨੇ ਸਾਲ 2008 ’ਚ ਆਪਣਾ ਕਾਰਬਨ ਟੈਕਸ ਲਾਗੂ ਕੀਤਾ ਸੀ, ਜੋ ਹੁਣ ਘਰੇਲੂ ਹੀਟਿੰਗ ਤੇਲ ਸਮੇਤ ਹਲਕੇ ਬਾਲਣ ’ਤੇ ਲਗਭਗ 17 ਸੈਂਟ ਪ੍ਰਤੀ ਲੀਟਰ ਹੈ।