ਨਵੀਂ ਦਿੱਲੀ: ਭਾਰਤ ਵਿਚ ਦਰਜਨਾਂ ਮੁਸਲਿਮ ਔਰਤਾਂ ਨੂੰ ਆਨਲਾਈਨ ਵਿਕਾਊ ਲਾਏ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੁਸਲਿਮ ਔਰਤ ਹਾਨਾ ਖਾਨ ਜੋ ਕਿ ਇਕ ਵਪਾਰਕ ਪਾਇਲਟ ਨੇ ਬੀਤੇ ਐਤਵਾਰ ਨੂੰ ਬੀਬੀਸੀ ਨੂੰ ਦੱਸਿਆ ਕਿ ਉਸਦੇ ਇਕ ਦੋਸਤ ਨੇ ਉਸ ਨੂੰ ਟਵੀਟ ਭੇਜਿਆ ਤਾਂ ਉਹ ਹੈਰਾਨ ਰਹਿ ਗਈ ਕਿ ਉਸ ਨੂੰ ਸੁੱਲੀ ਡੀਲਜ਼ ਐਪ ਅਤੇ ਵੈਬਸਾਈਟ ‘ਤੇ ਵਿਕਾਊ ਲਾਇਆ ਗਿਆ ਸੀ। ਇਸ ਐਪ ‘ਤੇ ਔਰਤਾਂ ਦੀਆਂ ਜਨਤਕ ਤੌਰ ‘ਤੇ ਉਪਲਬਧ ਫੋਟੋਆਂ ਮੌਜੂਦ ਸਨ ਅਤੇ ਔਰਤਾਂ ਨੂੰ ਅੱਜ ਦਾ ਸੌਦਾ ਦੱਸਦੇ ਹੋਏ ਪ੍ਰੋਫਾਈਲ ਵੀ ਬਣਾਏ ਹੋਏ ਸਨ।
ਬੀਬੀਸੀ ਨੇ ਕਿਹਾ ਕਿ ਐਪ ਦੇ ਲੈਂਡਿੰਗ ਪੇਜ ਵਿਚ ਇਕ ਅਣਪਛਾਤੀ ਔਰਤ ਦੀ ਤਸਵੀਰ ਸੀ। ਅਗਲੇ ਦੋ ਪੰਨਿਆਂ ਉਤੇ ਖਾਨ ਨੇ ਆਪਣੇ ਦੋਸਤਾਂ ਦੀਆਂ ਤਸਵੀਰਾਂ ਵੇਖੀਆਂ। ਇਸ ਦੇ ਬਾਅਦ ਉਸ ਨੇ ਆਪਣੇ ਆਪ ਨੂੰ ਪੇਜ ਉਤੇ ਵੇਖ ਲਿਆ। ਉਸ ਨੇ ਬੀਬੀਸੀ ਨੂੰ ਦੱਸਿਆ ਕਿ ਉਸਨੇ 83 ਨਾਮ ਗਿਣ ਲਏ ਹਨ ਤੇ ਹੋਰ ਵੀ ਹੋ ਸਕਦੇ ਹਨ। ਹਾਨਾ ਖਾਨ ਨੇ ਦੱਸਿਆ ਕਿ ਉਸ ਨੇ ਇਹ ਤਸਵੀਰ ਟਵਿਟਰ ਤੋਂ ਲਈ ਸੀ। ਇਹ ਐਪ 20 ਦਿਨਾਂ ਤੋਂ ਚੱਲ ਰਿਹਾ ਸੀ।
ਇਸ ਐਪ ਨੇ ਉਪਭੋਗਤਾਵਾਂ ਨੂੰ ਸੁੱਲੀ ਖਰੀਦਣ ਦਾ ਮੌਕਾ ਦੇਣ ਦਾ ਸੱਦਾ ਦਿੱਤਾ ਸੀ ਜੋ ਇਕ ਅਪਮਾਨਜਨਕ ਸ਼ਬਦ ਜੋ ਮੁਸਲਿਮ ਔਰਤਾਂ ਲਈ ਦੱਖਣਪੰਥੀ ਹਿੰਦੂ ਟ੍ਰੋਲ ਦੁਆਰਾ ਵਰਤਿਆ ਜਾਂਦਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦੀ ਅਸਲ ਨਿਲਾਮੀ ਨਹੀਂ ਹੋਈ ਸੀ ਬਲਕਿ ਇਸ ਐਪ ਦਾ ਉਦੇਸ਼ ਸਿਰਫ ਅਕਸ ਵਿਗੜਨਾ ਤੇ ਅਪਮਾਨਿਤ ਕਰਨਾ ਸੀ। ਖਾਨ ਨੇ ਕਿਹਾ ਕਿ ਉਸ ਨੂੰ ਆਪਣੇ ਧਰਮ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਮੈਂ ਇਕ ਮੁਸਲਿਮ ਔਰਤ ਹਾਂ ਅਤੇ ਉਹ ਸਾਨੂੰ ਚੁੱਪ ਕਰਾਉਣਾ ਚਾਹੁੰਦੇ ਹਨ।
ਰਿਪੋਰਟ ਮੁਤਾਬਕ ਓਪਨ ਸੋਰਸ ਐਪ ਦੀ ਮੇਜ਼ਬਾਨੀ ਕਰਨ ਵਾਲਾ ਵੈੱਬ ਪਲੇਟਫਾਰਮ- ਸ਼ਿਕਾਇਤਾਂ ਤੋਂ ਬਾਅਦ ਤੁਰੰਤ ਬੰਦ ਕਰ ਦਿੱਤਾ ਗਿਆ। ਕੰਪਨੀ ਨੇ ਕਿਹਾ ਕਿ ਅਸੀਂ ਸਰਗਰਮੀਆਂ ਦੀਆਂ ਰਿਪੋਰਟਾਂ ਦੀ ਪੜਤਾਲ ਕਰਨ ਤੋਂ ਬਾਅਦ ਉਪਭੋਗਤਾ ਦੇ ਖਾਤਿਆਂ ਨੂੰ ਮੁਅੱਤਲ ਕਰ ਦਿੱਤਾ ਹੈ ਜੋ ਸਾਰੀਆਂ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦੀਆਂ ਹਨ। ਜਿਹੜੇ ਲੋਕ ਐਪ ‘ਤੇ ਪਾਏ ਗਏ ਸਨ ਉਹ ਸਾਰੇ ਵੋਕਲ ਮੁਸਲਮਾਨ ਸਨ, ਜਿਨ੍ਹਾਂ ਵਿਚ ਪੱਤਰਕਾਰ, ਕਾਰਕੁੰਨ, ਕਲਾਕਾਰ ਜਾਂ ਖੋਜਕਰਤਾ ਸ਼ਾਮਲ ਸਨ। ਕਈਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਮਿਟਾ ਦਿੱਤਾ ਹੈ ਤੇ ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੋਰ ਪਰੇਸ਼ਾਨੀ ਦਾ ਡਰ ਹੈ।
ਇਕ ਹੋਰ ਔਰਤ ਨੇ ਬੀਬੀਸੀ ਹਿੰਦੀ ਸੇਵਾ ਨੂੰ ਕਿਹਾ ਕਿ ਭਾਵੇਂ ਤੁਸੀਂ ਕਿੰਨੇ ਵੀ ਮਜ਼ਬੂਤ ਹੋ, ਪਰ ਜੇ ਤੁਹਾਡੀ ਤਸਵੀਰ ਅਤੇ ਹੋਰ ਨਿੱਜੀ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ ਤਾਂ ਇਹ ਤੁਹਾਨੂੰ ਡਰਾਉਂਦੀ ਹੈ। ਇਹ ਤੁਹਾਨੂੰ ਪਰੇਸ਼ਾਨ ਕਰਦੀ ਹੈ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਪ੍ਰਮੁੱਖ ਨਾਗਰਿਕਾਂ, ਕਾਰਕੁਨਾਂ ਤੇ ਨੇਤਾਵਾਂ ਨੇ ਇਸ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਵੀ ਇਸ ਸੰਬੰਧੀ ਟਵੀਟ ਕਰਦੇ ਹੋਏ ਇਸ ਵਰਤਾਰੇ ਨੂੰ ਸ਼ਰਮਨਾਕ ਦੱਸਿਆ ਹੈ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਹੈ ਪਰ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਐਪ ਦੇ ਪਿੱਛੇ ਕੌਣ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐਪ ਬਣਾਉਣ ਵਾਲੇ ਲੋਕ ਜਾਅਲੀ ਪਛਾਣ ਦੀ ਵਰਤੋਂ ਕਰਦੇ ਸਨ, ਪਰ ਵਿਰੋਧੀ ਕਾਂਗਰਸ ਪਾਰਟੀ ਦੀ ਸੋਸ਼ਲ ਮੀਡੀਆ ਕੋਆਰਡੀਨੇਟਰ ਹਸੀਬਾ ਅਮੀਨ ਨੇ ਕਈ ਖਾਤਿਆਂ ਨੂੰ ਦੋਸ਼ੀ ਠਹਿਰਾਇਆ ਹੈ ਜੋ ਮੁਸਲਮਾਨਾਂ, ਖ਼ਾਸਕਰ ਮੁਸਲਮਾਨ ਔਰਤਾਂ ‘ਤੇ ਲਗਾਤਾਰ ਹਮਲਾ ਕਰਦੇ ਹਨ ਅਤੇ ਦੱਖਣਪੰਥੀ ਰਾਜਨੀਤੀ ਦਾ ਸਮਰਥਨ ਕਰਦੇ ਕਰਦੇ ਹਨ।
ਟੀਵੀ ਪੰਜਾਬ ਬਿਊਰੋ