ਜਲੰਧਰ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਮਾਤਾ ਵਿਦਿਆਵੱਤੀ ਵੈਲਫੇਅਰ ਟਰੱਸਟ ਮੋਰਾਂਵਾਲੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਵਿਖੇ ਕੀਤੇ ਗਏ ਸਾਹਿਤਕ ਸਮਾਗਮ ਵਿਚ 23 ਮਾਰਚ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਵਜੋਂ ਗਜ਼ਟਿਡ ਸਰਕਾਰੀ ਛੁੱਟੀ ਕਰਨ ਅਤੇ ਮਾਤਾ ਵਿਦਿਆਵਤੀ ਯਾਦਗਾਰੀ ਸਮਾਰਕ ਮੋਰਾਂਵਾਲੀ ਦੀ ਖਟਕੜ੍ਹ ਕਲਾਂ ਯਾਦਗਾਰ ਵਾਂਗ ਸਰਕਾਰੀ ਪੱਧਰ ਤੇ ਸਾਂਭ ਸੰਭਾਲ ਕਰਨ ਦੀ ਮੰਗ ਕੀਤੀ।
ਇਸ ਸਮਾਗਮ ਵਿਚ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਔਰਤਾਂ ਅਤੇ ਖਾਸ ਕਰਕੇ ਵਿਦਿਆਰਥਣਾਂ ਨੂੰ ਲੋਕ ਸੰਘਰਸਾਂ ਬਾਰੇ ਸੁਚੇਤ ਕਰਨ ਦਾ ਕਾਰਜ ਕਰਨ ਲਈ ਕਿਹਾ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਸੁਰਜੀਤ ਜੱਜ, ਪ੍ਰੋ. ਸੰਧੂ ਵਰਿਆਣਵੀਂ, ਅਸ਼ੋਕ ਭੌਰਾ ਅਤੇ ਤੇਜਵਿੰਦਰ ਕੌਰ ਸੰਧੂ ਨੇ ਸ਼ਮੂਲੀਅਤ ਕੀਤੀ।
ਇਹ ਸਮਾਗਮ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਮਾਵਾਂ ਦੀ ਯਾਦ ਵਿਚ ਮਾਤਾ ਵਿਦਿਆਵਤੀ ਯਾਦਗਾਰੀ ਹਾਲ ਵਿਚ ਕੀਤਾ ਗਿਆ। ਇਸ ਮੌਕੇ ਪ੍ਰੋ. ਅਕਵਿੰਦਰ ਕੌਰ ਕਾਕੜਾ ਨੇ ਮੌਜੂਦਾ ਸਮੇਂ ਵਿਚ ਚਲ ਰਹੇ ਕਿਸਾਨ ਲਹਿਰ ਦੌਰਾਨ ਸ਼ਹੀਦ ਹੋਏ ਕਿਸਾਨਾਂ, ਆਗੂਆਂ ਅਤੇ ਸਰਗਰਮ ਕਿਸਾਨਾਂ ਕਾਰਕੰਨਾਂ ਦੀਆਂ ਸਮੱਸਿਆਂਵਾਂ ਨੂੰ ਦੂਰ ਕਰਨ ਦੇ ਉਪਰਾਲੇ ਕਰਨ ਲਈ ਕਿਹਾ।
ਪ੍ਰੋ. ਸੁਮੇਲ ਸਿੱਧੂ ਨੇ ਲੋਕ ਸੰਘਰਸ਼ਾਂ ਵਿਚ ਮਾਤਾਵਾਂ, ਪਰੀਵਾਰਾਂ ਅਤੇ ਸਹਿਯੋਗੀਆਂ ਦੇ ਯੋਗਦਾਨ ਬਾਰੇ ਵਿਚਾਰ ਚਰਚਾ ਕਰਦਿਆਂ ਸਾਨੂੰ ਆਪਣੇ ਸਥਾਨਕ ਲਿਖਤ ਅਤੇ ਮੌਖਿਕ ਇਤਿਹਾਸਕ ਵਿਰਸੇ ਨੂੰ ਨਾਲ ਲੈ ਕੇ ਚਲਣਾ ਚਾਹੀਦਾ ਹੈ। ਸਮਾਗਮ ਦੇ ਆਰੰਭ ਵਿਚ ਸਰਵਣ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਵਿਚਾਰ ਚਰਚਾ ਹਿੱਸਾ ਦੀ ਸਟੇਜ ਹਰਬੰਸ ਹੀਉਂ ਨੇ ਚਲਾਈ।
ਸਮਾਗਮ ਦੇ ਦੂਜੇ ਦੌਰ ਵਿਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿਚ ਮੁੱਖ ਮਹਿਮਾਨ ਵਜੋਂ ਨਿਰਮਲ ਸੌਂਧੀ ਨੇ ਸ਼ਿਰਕਤ ਕੀਤੀ। ਸ਼ਮਸ਼ੇਰ ਮੋਹੀ, ਰੇਸ਼ਮ ਚਿੱਤਰਕਾਰ, ਪਵਨ ਭੰਮੀਆਂ, ਦੀਪ ਕਲੇਰ ਅਤੇ ਬੀਬਾ ਕੁਲਵੰਤ ਨੇ ਪ੍ਰਧਾਨਗੀ ਮੰਡਲ ਵਿਚ ਸ਼ਾਮੂਲੀਅਤ ਕੀਤੀ। ਕਵੀ ਦਰਬਾਰ ਵਿਚ ਸ਼ਮਸ਼ੇਰ ਮੋਹੀ, ਅਕਵਿੰਦਰ ਕੌਰ ਕਾਕੜਾ, ਬੀਬਾ ਕੁਲਵੰਤ, ਮਨਜੀਤ ਕੌਰ ਮਠਾੜੂ, ਸੰਤੋਖ਼ ਸਿੰਘ ਬੀਰ ਆਦਿ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਕਵੀ ਦਰਬਾਰ ਦਾ ਸੰਚਾਲਨ ਤਲਵਿੰਦਰ ਸ਼ੇਰਗਿੱਲ ਨੇ ਬਾਖੂਬੀ ਨਿਭਾਇਆ। ਸਮਾਗਮ ਦੇ ਅੰਤ ਵਿਚ ਹਰਬੰਸ ਹੀਉਂ ਨੇ ਸੱਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਅਮਰੀਕ ਸਿੰਘ ਢੀਂਡਸਾ, ਜੋਗਾ ਸਿੰਘ ਚਾਹਲ, ਪਰਮਜੀਤ ਸਿੰਘ ਚਾਹਲ, ਜਸਵੀਰ ਸਿੰਘ ਰਾਏ ਐਡਵੋਕੇਟ, ਜਥੇਦਾਰ ਤਰਸੇਮ ਸਿੰਘ ਮੋਰਾਂਵਾਲੀ ਇੰਟਰਨੈਸ਼ਨਲ ਢਾਡੀ, ਅਵਤਾਰ ਸਿੰਘ ਪੱਖੋਵਾਲ, ਤਰਸੇਮ ਸਿੰਘ ਝਿੱਕਾ, ਜਸਪਾਲ ਹੀਉਂ, ਮੱਖਣ ਲਾਲ ਹੀਉਂ, ਆਦਿ ਵੀ ਹਾਜ਼ਰ ਹੋਏ।
ਪ੍ਰੋ. ਸੁਰਜੀਤ ਜੱਜ ਨੇ ਇਸ ਇੱਕਠ ਅੱਗੇ ਕੇਂਦਰੀ ਸਰਕਾਰ ਵੱਲੋਂ ਮਾਤ ਭਾਸ਼ਾਵਾਂ ਨੂੰ ਦੂਜੇ ਦਰਜੇ ਤੇ ਰੱਖਣ ਅਤੇ ਹਿੰਦੀ ਭਾਸ਼ਾ ਨੂੰ ਅਵੱਲ ਦਰਜੇ ਦੀ ਭਾਸ਼ਾ ਐਲਾਨ ਦਾ ਵਿਰੋਧ ਕਰਨ, ਯਾਦਗਾਰ ਦੀ ਸੰਭਾਲ ਅਤੇ 23 ਮਾਰਚ ਦੀ ਛੁੱਟੀ ਸਬੰਧੀ ਮਤੇ ਪੇਸ਼ ਕੀਤੇ, ਜਿਹਨਾਂ ਨੂੰ ਸਾਰਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਸਮੇਂ ਪ੍ਰੋ. ਜਗਮੋਹਣ ਸਿੰਘ, ਤੇਜਵਿੰਦਰ ਕੌਰ ਸੰਧੂ, ਪ੍ਰੋ. ਅਰਵਿੰਦਰ ਕੌਰ ਕਾਕੜਾ ਅਤੇ ਪ੍ਰੋ. ਸੁਮੇਲ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ।
ਟੀਵੀ ਪੰਜਾਬ ਬਿਊਰੋ