Ottawa- ਕਾਨਾਟਾ ਦੇ ਓਟਵਾ ਉਪਨਗਰ ’ਚ ਬੁੱਧਵਾਰ ਨੂੰ ਇੱਕ ਫਾਇਰ ਸਟੇਸ਼ਨ ਨਿਰਮਾਣ ਸਾਈਟ ’ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ’ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ 1075 ਮਾਰਚ ਰੋਡ ’ਤੇ ਇੱਕ ਫਾਇਰ ਸਟੇਸ਼ਨ ਨਿਰਮਾਣ ਸਾਈਟ ’ਚ ਹੋਇਆ।
ਓਟਵਾ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇੱਕ ਦੀ ਹਾਲਤ ਕਾਫ਼ੀ ਗੰਭੀਰ ਹੈ। ਉੱਥੇ ਹੀ ਬਾਕੀ ਦੋ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਓਟਾਵਾ ਫਾਇਰ ਸਰਵਿਸਿਜ਼ ਦੇ ਬੁਲਾਰੇ ਨਿਕ ਡੀਫਾਜ਼ਿਓ ਨੇ ਕਿਹਾ ਕਿ ਧਮਾਕਾ ਸਵੇਰੇ 8:35 ਵਜੇ ਦੇ ਕਰੀਬ ਇਸ ਇਮਾਰਤ ਦੇ ਇੱਕ ਕਮਰੇ ਵਿੱਚ ਹੋਇਆ। ਧਮਾਕੇ ਮਗਰੋਂ ਕਮਰੇ ਦੀ ਛੱਤ ਡਿੱਗ ਪਈ। ਓਟਵਾ ਫਾਇਰ ਨੇ ਸਵੇਰੇ 9:45 ਵਜੇ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਕਿ ਉਨ੍ਹਾਂ ਨੇ ਧਮਾਕੇ ਦੀਆਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੱਤੀ ਸੀ। ਸਿਟੀ ਆਫ਼ ਓਟਾਵਾ ਨੇ ਦੱਸਿਆ ਕਿਹਾ ਕਿ ਧਮਾਕੇ ਦੇ ਸਮੇਂ ਸਾਈਟ 65 ਪ੍ਰਤੀਸ਼ਤ ਪੂਰੀ ਹੋ ਚੁੱਕੀ ਸੀ।
ਬੁਨਿਆਦੀ ਢਾਂਚਾ ਸੇਵਾਵਾਂ ਦੇ ਨਿਰਦੇਸ਼ਕ ਕੈਰੀਨਾ ਡੁਕਾਲੋਸ ਨੇ ਇੱਕ ਬਿਆਨ ’ਚ ਦੱਸਿਆ ਕਿ ਇਸ ਧਮਾਕੇ ਮਗਰੋਂ ਸਾਵਧਾਨੀ ਦੇ ਤੌਰ ’ਤੇ ਬਿਜਲੀ ਅਤੇ ਹੀਟ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਮੰਤਰਾਲੇ ਦੇ ਇੱਕ ਇੰਸਪੈਕਟਰ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਧਮਾਕੇ ਦੀ ਜਾਂਚ ਜਾਰੀ ਹੈ। ਉਨ੍ਹਾਂ ਵਲੋਂ ਇਸ ਸ਼ੱਕੀ ਧਮਾਕੇ ਦੇ ਕਾਰਨਾਂ ਬਾਰੇ ਹੋਰ ਕੋਈ ਵੀ ਵੇਰਵੇ ਨਹੀਂ ਦਿੱਤੇ ਗਏ ਹਨ।