Site icon TV Punjab | Punjabi News Channel

ਵੱਡੀ ਖ਼ਬਰ: ਸੰਯੁਕਤ ਕਿਸਾਨ ਮੋਰਚੇ ਨੇ ਹੁਣ ਰੁਲਦੂ ਸਿੰਘ ਮਾਨਸਾ ਨੂੰ 15 ਦਿਨ ਲਈ ਕੀਤਾ ਸਸਪੈਂਡ

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਇਕ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਵਿੱਚ ਇਨ੍ਹਾਂ 32 ਜਥੇਬੰਦੀਆਂ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ 15 ਦਿਨ ਲਈ ਸਸਪੈਂਡ ਕਰ ਦਿੱਤਾ।

ਦੱਸ ਦੇਈਏ ਕਿ ਰੁਲਦੂ ਸਿੰਘ ਮਾਨਸਾ ਵਲੋਂ ਸਿੱਖਾ ਅਤੇ ਸ਼ਹੀਦਾਂ ਖ਼ਿਲਾਫ਼ 21 ਜੁਲਾਈ ਨੂੰ ਕਿਸਾਨ ਮੋਰਚੇ ਦੀ ਸਟੇਜ ਤੋਂ ਇਕ ਭੜਕਾਊ ਭਾਸ਼ਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 32 ਕਿਸਾਨ ਜਥੇਬੰਦੀਆਂ ਵਲੋਂ 15 ਦਿਨਾਂ ਦੇ ਲਈ ਸਸਪੈਂਡ ਕਰ ਦਿੱਤਾ । ਇਸ ਦੌਰਾਨ ਉਹ 15 ਦਿਨ ਨਾ ਤਾਂ ਕੋਈ ਸਟੇਜ ਸਾਂਝੀ ਕਰ ਸਕਣਗੇ ਅਤੇ ਨਾ ਹੀ ਕੋਈ ਪੀ. ਸੀ. (ਪ੍ਰੈਸ ਕਾਨਫਰੰਸ) ਕਰ ਸਕਣਗੇ। ਉਨ੍ਹਾਂ ਦੀ ਕਿਸਾਨ ਮੋਰਚੇ ਨਾਲ ਸਬੰਧਤ ਕੋਈ ਵੀ ਮੀਟਿੰਗ ਅਟੈਂਡ ਕਰਨ ‘ਤੇ ਰੋਕ ਲਗਾਈ ਗਈ ਹੈ। 32 ਕਿਸਾਨ ਜੱਥੇਬੰਦੀਆਂ ਵਲੋਂ ਅਹਿਮ ਫੈਸਲਾ ਲੈਂਦੇ ਹੋਏ ਇਹ ਵੀ ਕਿਹਾ ਗਿਆ ਕਿ ਰੁਲਦੂ ਸਿੰਘ ਮਾਨਸਾ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸੇ ਨਿਜੀ ਚੈਨਲ ਨੂੰ ਕੋਈ ਬਾਈਟ ਵੀ ਨਾ ਦੇਣ। ਇਹ ਸਾਰੀ ਜਾਣਕਾਰੀ 32 ਕਿਸਾਨ ਜਥੇਬੰਦੀਆਂ ਦੇ ਅੱਜ ਦੀ ਮੀਟਿੰਗ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਸਰਦਾਰ ਹਰਿੰਦਰ ਸਿੰਘ ਲੱਖੋਵਾਲ ਨੇ ਕੀਤੀ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸੰਯੁਕਤ ਮੋਰਚੇ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਵੀ ਸੱਤ ਦਿਨ ਲਈ ਸਸਪੈਂਡ ਕਰ ਦਿੱਤਾ ਸੀ। ਸੰਯੁਕਤ ਮੋਰਚੇ ਨੇ ਉਨ੍ਹਾਂ ਨੂੰ ਇਸ ਲਈ ਸਸਪੈਂਡ ਕੀਤਾ ਸੀ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਚੋਣਾਂ ਲੜਨ ਲਈ ਭੜਕਾਇਆ ਹੈ ਅਤੇ ਰਾਜਨੀਤਕ ਨਾਅਰੇ ਦਿੱਤੇ ਹਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਸਾਡਾ ਚੋਣਾਂ ਲੜਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਅਸੀਂ ਸਿਰਫ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਾਂ ਅਤੇ ਇਹ ਸੰਘਰਸ਼ ਖੇਤੀ ਬਿੱਲਾਂ ਰੱਦ ਕਰਵਾਉਣ ਤਕ ਹੀ ਕੇਂਦਰਿਤ ਰਹੇਗਾ।

Exit mobile version