ਰੇਲ ਰੋਕੋ ਅੰਦੋਲਨ ਦਾ ਦੂਜਾ ਦਿਨ, ਕਈ ਟ੍ਰੇਨਾਂ ਰੱਦ; ਪੰਜਾਬ ‘ਚ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ

ਡੈਸਕ- ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਉੱਤਰੀ ਭਾਰਤ ਦੇ 6 ਸੂਬੇ ਦੀਆਂ 19 ਕਿਸਾਨ ਜਥੇਬੰਦੀਆਂ ਅੰਮ੍ਰਿਤਸਰ, ਜਲੰਧਰ ਛਾਉਣੀ ਅਤੇ ਤਰਨਤਾਰਨ ਸਮੇਤ 12 ਥਾਵਾਂ ‘ਤੇ ਰੇਲ ਪਟੜੀਆਂ ‘ਤੇ ਧਰਨਾ ਦੇ ਰਹੀਆਂ ਹਨ। ਜਿਸ ਕਾਰਨ ਰੇਲਵੇ ਨੂੰ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ ਅਤੇ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਹਨ। ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ, ਪੰਜਾਬ ਅਤੇ ਦਿੱਲੀ ਵਿਚਾਲੇ ਚੱਲਣ ਵਾਲੀਆਂ ਹੋਰ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਦੀ ਸੂਚੀ ਰੇਲਵੇ ਵੱਲੋਂ ਜਾਰੀ ਕੀਤੀ ਗਈ ਹੈ।

ਪੰਜਾਬ ‘ਚ ਰੇਲ ਪਟੜੀਆਂ ‘ਤੇ ਜਾਮ ਲੱਗਣ ਕਾਰਨ ਕਈ ਟ੍ਰੇਨਾਂ ਦੇ ਰੂਟ ਵੀ ਛੋਟੇ ਕਰ ਦਿੱਤੇ ਗਏ ਹਨ। ਅਜਿਹੇ ‘ਚ ਪੰਜਾਬ ਜਾਣ ਵਾਲੇ ਯਾਤਰੀ ਰੇਲ ਗੱਡੀ ਰਾਹੀਂ ਅੰਬਾਲਾ ਪਹੁੰਚ ਰਹੇ ਹਨ ਅਤੇ ਉਸ ਤੋਂ ਅੱਗੇ ਬੱਸਾਂ ‘ਚ ਸਫਰ ਕਰ ਰਹੇ ਹਨ। ਅਜਿਹੇ ‘ਚ ਪੰਜਾਬ ਦੇ ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ ਟਰੇਨਾਂ ‘ਚ ਯਾਤਰੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਪੰਜਾਬ ਦੇ ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ ਦੇ ਬਟਾਲਾ, ਜਲੰਧਰ ਛਾਉਣੀ, ਤਰਨਤਾਰਨ, ਸੁਨਾਮ, ਨਾਭਾ, ਬਸਤੀ ਟੈਂਕਵਾਲੀ ਅਤੇ ਫ਼ਿਰੋਜ਼ਪੁਰ ਦੇ ਮੱਲਾਂਵਾਲਾ, ਬਠਿੰਡਾ ਦੇ ਰਾਮਪੁਰਾ, ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿੱਚ ਕਿਸਾਨ ਰੇਲ ਪਟੜੀਆਂ ਤੇ ਧਰਨਾ ਦੇ ਰਹੇ ਹਨ।

ਧਰਨਾ ਦੇ ਰਹੇ ਕਿਸਾਨਾਂ ਦੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਖੇਤ ਮਜ਼ਦੂਰਾਂ ਦੇ ਕਰਜ਼ੇ ਪੂਰੀ ਤਰ੍ਹਾਂ ਮੁਆਫ਼ ਕੀਤੇ ਜਾਣ, ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬ ਦੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ-ਇੱਕ ਨੌਕਰੀ ਦੇਣ ਦੀ ਮੰਗ ਕੀਤੀ, ਧਰਨਾਕਾਰੀ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਹੜ੍ਹਾਂ ਅਤੇ ਬਰਸਾਤਾਂ ਵਿੱਚ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ, ਕੇਂਦਰ ਸਰਕਾਰ ਤੁਰੰਤ ਐਮਐਸਪੀ ਬਾਰੇ ਕਾਨੂੰਨ ਬਣਾਵੇ ਅਤੇ ਮਨਰੇਗਾ ਤਹਿਤ ਹਰ ਸਾਲ 200 ਦਿਨ ਦਾ ਰੁਜ਼ਗਾਰ ਯਕੀਨੀ ਬਣਾਇਆ ਜਾਵੇ।