ਟੀਵੀ ਪੰਜਾਬ ਬਿਊਰੋ- ਪਟਿਆਲੇ ਦੇ ਪਿੰਡ ਦੇਧਨਾ ਵਿਚ ਇਕ ਪਿਉ ਵੱਲੋਂ ਆਪਣੇ ਨੌਜਵਾਨ ਪੁੱਤ ਨੂੰ ਕੁਹਾੜੀ ਨਾਲ ਵੱਢ ਦੇਣ ਦਾ ਮਾਮਲਾ ਆਇਆ ਹੈ।
ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇਧਨਾ ਦੇ ਈਸ਼ਰ ਸਿੰਘ ਨੇ ਆਪਣੇ ਹਿੱਸੇ ਦੀ ਬਣਦੀ ਜ਼ਮੀਨ ਵੇਚ ਦਿੱਤੀ ਸੀ, ਜਿਸ ਨੂੰ ਲੈ ਕੇ ਘਰ ਵਿਚ ਹਰ ਸਮੇਂ ਕਲੇਸ਼ ਰਹਿੰਦਾ ਸੀ। ਮੁਲਜ਼ਮ ਈਸ਼ਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਦਾ ਨਾਮ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਸੀ। ਗੁਰਦੀਪ ਸਿੰਘ ਆਪਣੇ ਪਿਤਾ ਤੋਂ ਦੁਖੀ ਹੋ ਕੇ ਆਪਣੀ ਮਾਂ ਨੂੰ ਲੈ ਕੇ ਵੱਖ ਘਰ ਵਿਚ ਰਹਿਣ ਲੱਗ ਪਿਆ ਸੀ । ਮ੍ਰਿਤਕ ਬਲਕਾਰ ਸਿੰਘ ਆਪਣੇ ਪਿਤਾ ਨੂੰ ਘਰ ਵੇਚਣ ਲਈ ਵਾਰ-ਵਾਰ ਕਹਿੰਦਾ ਰਹਿੰਦਾ ਸੀ। ਮੁਲਜ਼ਮ ਈਸ਼ਰ ਸਿੰਘ ਆਪਣਾ ਘਰ ਵੇਚਣ ਲਈ ਨਹੀਂ ਮੰਨ ਰਿਹਾ ਸੀ। ਘਟਨਾ ਵਾਲੀ ਰਾਤ ਮ੍ਰਿਤਕ ਬਲਕਾਰ ਸਿੰਘ ਨੇ ਘਰ ਵਿਚ ਕਲੇਸ਼ ਕੀਤਾ ਜਿਸ ਤੋਂ ਦੁਖੀ ਹੋ ਕੇ ਉਕਤ ਪਿਓ ਈਸ਼ਰ ਸਿੰਘ ਨੇ ਆਪਣੇ ਹੀ ਪੁੱਤਰ ਬਲਕਾਰ ਸਿੰਘ ਦਾ ਕੁਹਾੜੀ ਲੈ ਕੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਇਸ ਦੌਰਾਨ ਗੁਆਂਢੀਆਂ ਵੱਲੋਂ ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੂੰ ਫੋਨ ’ਤੇ ਇਤਲਾਹ ਦਿੱਤੀ ਗਈ। ਐੱਸ. ਐੱਚ. ਓ. ਦੇ ਪਹੁੰਚਣ ਤੋਂ ਪਹਿਲਾਂ ਹੀ ਲਹੂ ਲੁਹਾਣ ਹੋਇਆ ਬਲਕਾਰ ਸਿੰਘ ਦਮ ਤੋੜ ਚੁੱਕਾ ਸੀ।
ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮੁਲਜ਼ਮ ਵੱਲੋਂ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।