Washington- ਅਮਰੀਕਾ ਦੇ ਕੈਰੋਲਿਨਾ ’ਚ ਮੰਗਲਵਾਰ ਨੂੰ ਇੱਕ ਘਰ ’ਚ ਧਮਾਕਾ ਹੋਣ ਕਾਰਨ ਇੱਕ ਫੁੱਟਬਾਲ ਖਿਡਾਰੀ ਦੇ ਪਿਤਾ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੈਨੇਸੀ ਟਾਈਟਨਜ਼ ਦੇ ਕਾਰਨਰਬੈਕ ਕੈਲੇਬ ਫਾਰਲੇ ਵਲੋਂ ਕਰੋੜਾਂ ਡਾਲਰ ਦੀ ਕੀਮਤ ’ਚ ਖ਼ਰੀਦੇ ਗਏ ਇਸ ਘਰ ’ਚ ਜਦੋਂ ਧਮਾਕਾ ਹੋਇਆ ਤਾਂ ਉਸ ਸਮੇਂ ਉਸ ਦੇ ਪਿਤਾ ਅਤੇ ਉਨ੍ਹਾਂ ਦਾ ਇੱਕ ਪਰਿਵਾਰਕ ਦੋਸਤ, 25 ਸਾਲਾ ਕ੍ਰਿਸ਼ਚੀਅਨ ਰੋਜਰਸ ਘਰ ਦੇ ਅੰਦਰ ਸਨ।
ਇਰੇਡੇਲ ਕਾਊਂਟੀ ਦੇ ਫਾਇਰ ਸਰਵਿਸਿਜ਼ ਅਤੇ ਸੰਕਟਕਾਲੀਨ ਪ੍ਰਬੰਧਨ ਨਿਰਦੇਸ਼ਕ ਕੈਂਟ ਗ੍ਰੀਨ ਨੇ ਦੱਸਿਆ ਕਿ 61 ਸਾਲਾ ਰਾਬਰਟ ਫਾਰਲੇ ਉੱਤਰੀ ਕੈਰੋਲਿਨਾ ’ਚ ਲੇਕ ਨਾਰਮਨ ਵਿਖੇ ਸਥਿਤ ਘਰ ਦੇ ਮਲਬੇ ’ਚੋਂ ਮਿ੍ਰਤਕ ਮਿਲੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕ੍ਰਿਸ਼ਚੀਅਨ ਜ਼ਖ਼ਮੀ ਹੋਇਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਗ੍ਰੀਨ ਮੁਤਾਬਕ ਮੁੱਢਲੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਧਮਾਕਾ ਗੈਸ ਰਿਸਣ ਕਰਕੇ ਹੋਇਆ। ਗ੍ਰੀਨ ਨੇ ਕਿਹਾ, ‘‘ਜਿੰਨਾ ਵੱਡਾ ਘਰ ਸੀ, ਉੱਥੇ ਗੈਸ ਕੁਝ ਸਮੇਂ ਲਈ ਸੀ ਅਤੇ ਅਖੀਰ ਇਹ ਇੱਕ ਇਗਨੀਸ਼ਨ ਸਰੋਤ ਤੱਕ ਪਹੁੰਚ ਗਈ ਅਤੇ ਧਮਾਕੇ ਦਾ ਕਾਰਨ ਬਣੀ।’’
ਹਾਦਸੇ ਤੋਂ ਬਾਅਦ ਕੈਲੇਬ ਫਾਰਲੇ ਨੂੰ ਮੌਕੇ ’ਤੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਦੇਖਿਆ ਗਿਆ। ਗ੍ਰੀਨ ਮੁਤਾਬਕ ਹਾਦਸੇ ਵੇਲੇ ਫਾਰਲੇ ਆਪਣੇ ਘਰ ’ਚ ਨਹੀਂ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।