ਫੈਂਟਾਨਿਲ ਦੀ ਓਵਰਡੋਜ਼ ਕਾਰਨ ਹਸਪਤਾਲ ਵਿੱਚ ਪਹੁੰਚੀ 5 ਸਾਲਾ ਬੱਚੀ

Mission (BC)- ਮਿਸ਼ਨ ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਪਿਛਲੇ ਹਫ਼ਤੇ ਇੱਕ 5 ਸਾਲਾ ਬੱਚੀ ਨੂੰ ਫੈਂਟਾਨਿਲ ਦੀ ਓਵਰਡੋਜ਼ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਨੂੰ ਬਚਾਉਣ ਲਈ ਬਹੁਤ ਵਾਰੀ ਨੈਲੋਕਸੋਨ ਦਿੱਤਾ ਗਿਆ।
ਪੁਲਿਸ ਮੁਤਾਬਕ, ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਬੱਚੀ ਆਪਣੇ ਘਰ ਵਿੱਚ ਇੱਕ ਬਾਥਟਬ ਵਿੱਚ ਸੀ ਅਤੇ ਉਸਨੇ ਫੈਂਟਾਨਿਲ ਵਾਲੇ ਇਕ ਜਾਰ ਨੂੰ ਹੱਥ ਲਾ ਦਿੱਤਾ। ਇਸ ਮਗਰੋਂ ਉਕਤ ਬੱਚੀ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ 911 ਤੇ ਕਾਲ ਕੀਤੀ।
ਜਦੋਂ ਐਮਰਜੈਂਸੀ ਟੀਮ ਘਟਨਾ ਸਥਾਨ ‘ਤੇ ਪਹੁੰਚੀ, ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੀ ਉਲਟੀਆਂ ਕਰ ਰਹੀ ਸੀ। ਪੈਰਾਮੈਡਿਕਸ ਨੇ ਫੌਰੀ ਤੌਰ ‘ਤੇ ਨੈਲੋਕਸੋਨ ਦਿੱਤਾ ਅਤੇ ਬੱਚੀ ਨੂੰ ਹਸਪਤਾਲ ਲਿਜਾਇਆ, ਜਿੱਥੇ ਉਹ ਇੱਕ ਰਾਤ ਦਾਖਲ ਰਹੀ। ਫਿਲਹਾਲ ਬੱਚੀ ਦੀ ਹਾਲਤ ਹੁਣ ਬਿਹਤਰ ਹੈ ਅਤੇ ਉਮੀਦ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।
ਮਿਸ਼ਨ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਘਰ ਵਿੱਚ ਫੈਂਟਾਨਿਲ ਮੌਜੂਦ ਹੈ, ਤਾਂ ਉਹ ਇਸਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ। ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਫੈਂਟਾਨਿਲ ਨਾਲ ਸੰਪਰਕ ਹੋ ਜਾਵੇ (ਚਾਹੇ ਚਮੜੀ ਰਾਹੀਂ ਵੀ), ਤਾਂ ਤੁਰੰਤ ਡਾਕਟਰੀ ਮਦਦ ਲੈਣੀ ਚਾਹੀਦੀ ਹੈ। ਇਹ ਮਾਮਲਾ ਹਾਲੇ ਵੀ ਜਾਂਚ ਹੇਠ ਹੈ।