ਸੈਨ ਫਰਾਂਸਿਸਕੋ : ਟਵਿਟਰ ਦੇ ਕੋ- ਫਾਊਂਡਰ ਜੈਕ ਡੋਰਸੀ ਨੇ ਕੱਲ੍ਹ ਕੰਪਨੀ ਦੇ CEO ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੀ ਜਗ੍ਹਾ ‘ਤੇ ਪਰਾਗ ਅੱਗਰਵਾਲ ਕੰਪਨੀ ਦੇ ਨਵੇਂ CEO ਬਣਾਏ ਗਏ ਹਨ ।
ਇਸ ਤੋਂ ਪਹਿਲਾ ਪਰਾਗ ਅੱਗਰਵਾਲ ਕੰਪਨੀ ਵਿਚ ਚੀਫ ਟੈਕਨੋਲਾਜੀ ਅਫ਼ਸਰ ਦੇ ਅਹੁਦੇ ‘ਤੇ ਤਾਇਨਾਤ ਸਨ। ਉਨ੍ਹਾਂ ਨੇ 10 ਸਾਲ ਪਹਿਲਾਂ ਕੰਪਨੀ ਜੁਆਇਨ ਕੀਤੀ ਸੀ। 37 ਸਾਲ ਦੇ ਪਰਾਗ ਅੱਗਰਵਾਲ ਨੇ ਇਸ ਨੂੰ ਸਨਮਾਨ ਦੀ ਗੱਲ ਦੱਸਿਆ ਹੈ।
37 ਸਾਲ ਦੇ ਪਰਾਗ ਅੱਗਰਵਾਲ ਹੁਣ ਦੁਨੀਆ ਦੀ ਟਾਪ 500 ਕੰਪਨੀਆਂ ਦੇ ਸਭ ਤੋਂ ਛੋਟੀ ਉਮਰ ਦੇ CEO ਬਣ ਗਏ ਹਨ। ਭਾਵੇਂ ਟਵਿਟਰ ਨੇ ਉਨ੍ਹਾਂ ਦੀ ਜਨਮ ਮਿਤੀ ਜਗ ਜਾਹਿਰ ਨਹੀਂ ਕੀਤੀ ਪਰ ਇਹ ਦੱਸਿਆ ਹੈ ਕਿ ਉਨ੍ਹਾਂ ਦਾ ਜਨਮ 1984 ‘ਚ ਹੋਇਆ ਹੈ ।
ਉਨ੍ਹਾਂ ਦਾ ਜਨਮ ਦਿਨ ਫੇਸਬੁਕ ਦੇ CEO ਮਾਰਕ ਜੁਕਰਬਰਗ ਦੇ ਜਨਮ ਦਿਨ 14 ਮਈ ਤੋਂ ਬਾਅਦ ਹੀ ਆਉਂਦਾ ਹੈ। ਆਈ ਆਈ ਟੀ ਬਾਂਬੇ ਤੋਂ ਪੜਾਈ ਕਰਨ ਵਾਲੇ ਪਰਾਗ ਅਗਰਵਾਲ ਸਟੈਨਫੋਰਡ ਯੂਨੀਵਰਸਿਟੀ ਤੋਂ ਡਾਕਟਰੇਟ ਵੀ ਹਨ।
ਟਵਿਟਰ ਨੇ 2018 ਵਿਚ ਉਨ੍ਹਾਂ ਨੂੰ ਏਡਮ ਮੇਸਿੰਜਰ ਦੀ ਥਾਂ ਚੀਫ ਟੇਕਨੋਲਾਜੀ ਅਫ਼ਸਰ ਬਣਾਇਆ ਸੀ। ਟਵਿਟਰ ਤੋਂ ਪਹਿਲਾਂ ਪਰਾਗ ਮਾਇਕਰੋਸਾਫਟ ਰਿਸਰਚ ਅਤੇ ਯਾਹੂ ਦੇ ਨਾਲ ਕੰਮ ਕਰ ਚੁੱਕੇ ਹਨ।
ਕੌਣ ਨੇ ਪਰਾਗ ਅਗਰਵਾਲ ?
ਐਟਾਮਿਕ ਐਨਰਜੀ ਸੈਂਟਰਲ ਸਕੂਲ ਨੰਬਰ 4 ਤੋਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ। 2001 ਵਿਚ ਤੁਰਕੀ ਵਿਚ ਇੰਟਰਨੈਸ਼ਨਲ ਫਿਜਿਕਸ ਓਲੰਪਿਆਡ ਵਿਚ ਗੋਲਡ ਮੈਡਲ ਜਿੱਤਿਆ। ਉਹਨਾਂ ਦੀ ਮਾਂ ਰਿਟਾਇਰਡ ਸਕੂਲ ਟੀਚਰ ਹੈ, ਜਦੋਂ ਕਿ ਪਿਤਾ ਐਟਾਮਿਕ ਐਨਰਜੀ ਸੰਸਥਾਨ ਵਿਚ ਸੀਨੀਅਰ ਪੋਜੀਸ਼ਨ ‘ਤੇ ਰਹੇ ਹਨ।
ਉਹ 2005 ਵਿਚ ਆਈ ਆਈ ਟੀ ਬਾਂਬੇ ਤੋਂ ਗਰੈਜੂਏਟ ਹੋਏ। ਇਸ ਤੋਂ ਬਾਅਦ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿਚ ਪੀਐੱਚ ਡੀ ਕੀਤੀ। 2011 ਵਿਚ ਟਵਿੱਟਰ ਨਾਲ ਜੁੜੇ, AI ਵਿਚ ਬਿਹਤਰ ਕੰਮ ਦੇ ਚਲਦੇ ਸਭ ਦੀਆਂ ਨਜ਼ਰਾਂ ਵਿਚ ਆਏ। 2017 ਵਿਚ ਚੀਫ ਟੈਕਨਾਲੋਜੀ ਅਫਸਰ ਬਣਾਏ ਗਏ।
ਉਹਨਾਂ ਦੀ ਪਤਨੀ ਵਿਨਿਤਾ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬਾਇਓ ਫਿਜਿਕਸ ਵਿਚ ਬੈਚਲਰ ਡਿਗਰੀ ਕੀਤੀ ਹੈ। ਹਾਵਰਡ ਮੈਡੀਕਲ ਸਕੂਲ ਤੋਂ MD ਤੇ MIT ਤੋਂ ਪੀਐੱਚ ਡੀ ਕੀਤੀ। ਵਿਨਿਤਾ ਇਸ ਸਮੇਂ ਐਂਡਰੀਸਨ ਹਾਰਾਵਿਟਜ਼ ਵੈਂਚਰ ਕੈਪੀਟਲ ਫਾਰਮ ਵਿਚ ਜਨਰਲ ਪਾਰਟਨਰ ਹੈ।
ਜੈਕ ਨੇ ਟਵਿੱਟਰ ਸਟਾਫ ਦੇ ਨਾਮ ਲਿਖੀ ਆਖਰੀ ਚਿੱਠੀ
ਟਵਿਟਰ ਫਾਉਂਡਰ ਜੈਕ ਡੋਰਸੀ ਨੇ ਟਵਿਟਰ ਸਟਾਫ ਨੂੰ ਲਿਖੀ ਆਪਣੀ ਆਖਰੀ ਚਿੱਠੀ ਵਿਚ ਲਿਖਿਆ , ਮੈਂ ਟਵਿੱਟਰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੈਂ ਮੰਨਦਾ ਹਾਂ ਕਿ ਹੁਣ ਕੰਪਨੀ ਆਪਣੇ ਸੰਸਥਾਪਕਾਂ ਤੋਂ ਵੱਖ ਹੋਣ ਨੂੰ ਤਿਆਰ ਹੈ।
ਟਵਿੱਟਰ CEO ਦੇ ਤੌਰ ਉੱਤੇ ਪਰਾਗ ‘ਤੇ ਮੇਰਾ ਭਰੋਸਾ ਬਹੁਤ ਗਹਿਰਾ ਹੈ। ਪਿਛਲੇ 10 ਸਾਲਾਂ ਵਿਚ ਉਨ੍ਹਾਂ ਦਾ ਕੰਮ ਬਦਲਾਅ ਲਿਆਉਣ ਵਾਲਾ ਰਿਹਾ ਹੈ। ਉਹ ਆਪਣੀ ਸਕਿੱਲ, ਦਿਲ ਅਤੇ ਆਤਮਾ ਨਾਲ ਕੰਮ ਕਰਦੇ ਹਨ, ਜਿਸ ਲਈ ਮੈਂ ਤਹਿਦਿਲੋਂ ਉਨ੍ਹਾਂ ਦਾ ਸ਼ੁਕਰਗੁਜਾਰ ਹਾਂ। ਹੁਣ ਟਵਿੱਟਰ ਨੂੰ ਲੀਡ ਕਰਨ ਦਾ ਉਨ੍ਹਾਂ ਦਾ ਸਮਾਂ ਹੈ।
ਗੂਗਲ, ਮਾਈਕ੍ਰੋਸਾਫ਼ਟ ਤੋਂ ਬਾਅਦ ਹੁਣ ਟਵਿੱਟਰ ਵਿਚ ਵੀ ਭਾਰਤੀ ਮੂਲ ਦੇ CEO
ਪਰਾਗ ਤੋਂ ਪਹਿਲਾਂ ਕਈ ਕੰਪਨੀਆਂ ਦੇ CEO ਭਾਰਤੀ ਮੂਲ ਦੇ ਹਨ। ਮਾਇਕਰੋਸਾਫਟ ਵਿਚ ਸਤਿਆ ਨਡੇਲਾ, ਗੂਗਲ ਦੀ ਪੇਰੇਂਟ ਕੰਪਨੀ ਅਲਫਾਬੇਟ ਵਿਚ ਸੁੰਦਰ ਪਿਚਈ , ਅਡੋਬ ਵਿਚ ਸ਼ਾਂਤਨੂੰ ਨਰਾਇਣ, IBM ਵਿਚ ਅਰਵਿੰਦ ਕ੍ਰਿਸ਼ਨਾ, VMWare ਵਿਚ ਰਘੁ ਰਘੁਰਾਮ ਤੋਂ ਬਾਅਦ ਹੁਣ ਟਵਿਟਰ ਵਿਚ ਪਰਾਗ ਅਗਰਵਾਲ CEO ਬਣੇ ਹਨ।
2006 ਵਿਚ ਹੋਈ ਸੀ ਟਵਿੱਟਰ ਦੀ ਸਥਾਪਨਾ
ਡੋਰਸੀ ਨੇ ਆਪਣੇ ਤਿੰਨ ਸਾਥੀਆਂ ਨਾਲ 21 ਮਾਰਚ 2006 ਨੂੰ ਸੈਨ ਫਰਾਂਸਿਸਕੋ ਵਿਚ ਟਵਿੱਟਰ ਦੀ ਸਥਾਪਨਾ ਕੀਤੀ ਸੀ। ਇਸ ਤੋਂ ਬਾਅਦ ਉਹ ਸਭ ਤੋਂ ਵੱਡੇ ਟੇਕਨੋਲਾਜੀ ਇੰਟਰਪ੍ਰੇੰਨਿਓਰ੍ਸ ਵਿਚੋਂ ਇਕ ਬਣ ਗਏ ਸਨ।
ਡੋਰਸੀ ਦੇ ਅਹੁਦਾ ਛੱਡਣ ਦੀਆਂ ਖਬਰਾਂ ਸਾਹਮਣੇ ਆਉਣ ਦੇ ਬਾਅਦ ਕੰਪਨੀ ਦੇ ਸ਼ੇਅਰਾਂ ਦੀਆਂ ਕੀਮਤਾਂ 10 % ਤੱਕ ਵੱਧ ਗਈਆਂ। ਦੱਸਿਆ ਜਾਂਦਾ ਹੈ ਕਿ ਡੋਰਸੀ ਇਕ ਫਾਇਨੈਂਸ਼ੀਅਲ ਪੇਮੇਂਟ ਕੰਪਨੀ ਸਕਵਾਇਰ ਵਿਚ ਵੀ ਟਾਪ ਐਗਜੀਕਿਊਟਿਵ ਹਨ । ਉਨ੍ਹਾਂ ਨੇ ਹੀ ਇਸ ਦੀ ਸਥਾਪਨਾ ਕੀਤੀ ਸੀ ।
ਕੰਪਨੀ ਦੇ ਕੁੱਝ ਵੱਡੇ ਨਿਵੇਸ਼ਕ ਖੁੱਲ੍ਹ ਕੇ ਸਵਾਲ ਚੁੱਕ ਰਹੇ ਸਨ ਕਿ ਕੀ ਉਹ ਪ੍ਰਭਾਵੀ ਤਰੀਕੇ ਨਾਲ ਦੋਨਾਂ ਕੰਪਨੀਆਂ ਨੂੰ ਲੀਡ ਕਰ ਸਕਦੇ ਹਨ। ਹਾਲਾਂਕਿ ਜੈਕ 2022 ਤੱਕ ਕੰਪਨੀ ਦੇ ਬੋਰਡ ਵਿਚ ਬਣੇ ਰਹਿਣਗੇ।
ਟੀਵੀ ਪੰਜਾਬ ਬਿਊਰੋ