ਕਪੂਰਥਲਾ- ਕਪੂਰਥਲਾ ਦੇ ਪਿੰਡ ਬੂਟ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਕਬੱਡੀ ਮੈਚ ਦੌਰਾਨ ਗੋਲੀਆਂ ਚੱਲ ਗਈਆਂ। ਇਸ ਫਾਇਰਿੰਗ ਦੌਰਾਨ 2 ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਬੂਟ ‘ਚ ਧਾਰਮਿਕ ਮੇਲੇ ਦੌਰਾਨ ਕਬੱਡੀ ਦਾ ਮੈਚ ਚੱਲ ਰਿਹਾ ਸੀ।
ਇਸ ਦੌਰਾਨ ਅਮਨਦੀਪ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਤਲਵਨ, ਜਲੰਧਰ ਅਤੇ ਵਿਸਾਖਾ ਸਿੰਘ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਅਮਨਦੀਪ ਸਿੰਘ ਦੇ ਨਾਲ ਉਸ ਦੇ ਸਾਥੀਆਂ ਨੇ ਵਿਸਾਖਾ ਸਿੰਘ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵਿਸਾਖਾ ਸਿੰਘ ਦੇ ਨਾਲ ਅਮਨਦੀਪ ਸਿੰਘ ਨੂੰ ਵੀ ਗੋਲੀ ਲੱਗ ਗਈ, ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਹੈੱਡ ਕੁਆਰਟਰ ਜਸਬੀਰ ਸਿੰਘ, ਐੱਸ. ਐੱਚ. ਏ. ਸਿਟੀ ਸੁਰਜੀਤ ਸਿੰਘ ਅਤੇ ਪੀ. ਸੀ. ਆਰ. ਦੀਆਂ ਟੀਮਾਂ ਮੌਕੇ ‘ਤੇ ਪੁੱਜੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਸਬੰਧੀ ਪੁਲਸ ਨੇ ਕੁੱਝ ਨੌਜਵਾਨਾਂ ਨੂੰ ਰਾਊਂਡ ਅਪ ਵੀ ਕੀਤਾ ਹੈ।