ਹੈਮਬਰਗ ਚਰਚ ‘ਚ ਫਾਇਰਿੰਗ, 7 ਦੀ ਮੌਤ

ਹੈਮਬਰਗ – ਜਰਮਨੀ ਦੇ ਸ਼ਹਿਰ ਹੈਮਬਰਗ ਵਿਚ ਵੀਰਵਾਰ ਦੇਰ ਰਾਤ ਇਕ ਚਰਚ ਵਿਚ ਫਾਇਰਿੰਗ ਹੋਈ। ਘਟਨਾ ਵਿਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪੁਲਿਸ ਨੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਕਈ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸ਼ੰਕਾ ਹੈ। ਪੁਲਿਸ ਮੁਤਾਬਕ ਹਮਲਾਵਰ 10 ਮਿੰਟ ਤੱਕ ਗੋਲੀਬਾਰੀ ਕਰਦਾ ਰਿਹਾ।

ਹਮਲਾਵਰ ਵੀ ਮਾਰਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸਾਨੂੰ ਕਿਸੇ ਦੇ ਫਰਾਰ ਹੋਣ ਦੀ ਖਬਰ ਨਹੀਂ ਮਿਲੀ ਹੈ। ਫਾਇਰਿੰਗ ਦੀ ਜਾਣਕਾਰੀ ਮਿਲਣ ਦੇ 15 ਮਿੰਟ ਵਿਚ ਹੀ ਅਸੀਂ ਮੌਕੇ ‘ਤੇ ਪਹੁੰਚ ਗਏ ਸੀ। ਸਾਨੂੰ ਚਰਚ ਦੀ ਉਪਰੀ ਮੰਜ਼ਿਲ ‘ਤੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਥੇ ਇਕ ਲਾਸ਼ ਵੀ ਮਿਲੀ। ਸਾਨੂੰ ਲੱਗਦਾ ਹੈ ਕਿ ਇਹ ਹਮਲਾਵਰ ਹੈ। ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ ਹੈ।

ਪੁਲਿਸ ਨੇ ਦੱਸਿਆ ਕਿ ਘਟਨਾ ਗ੍ਰੋਸ ਬੋਸਟ੍ਰੇਲ ਇਲਾਕੇ ਦੇ ਇਕ ਚਰਚ ਦੇ ਯੇਹੋਵਾ ਵਿਟਨੈੱਸ ਕਿੰਗਡਮ ਹਾਲ ਵਿਚ ਹੋਈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲਾਵਾਰ ਨੇ ਘਟਨਾ ਨੂੰ ਅੰਜਾਮ ਕਿਉਂ ਦਿੱਤਾ। ਹੈਮਬਰਗ ਪੁਲਿਸ ਨੇ ਟਵੀਟ ਕੀਤਾ ਕਿ ਇਸ ਫਾਇਰਿੰਗ ਵਿਚ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ। ਅਸੀਂ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨਾਲ ਮੌਕੇ ‘ਤੇ ਮੌਜੂਦ ਹਾਂ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ 12 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਹਰ ਮਿੰਟ ਗੋਲੀ ਚੱਲ ਰਹੀ ਸੀ। ਅਸੀਂ ਬਹੁਤ ਡਰ ਗਏ ਸੀ। ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਚਰਚ ਕੋਲ ਸੜਕਾਂ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਮੌਕੇ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਮੁਤਾਬਕ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸਰੀਰ ‘ਤੇ ਗੋਲੀਆਂ ਦੇ ਜ਼ਖਮ ਹਨ।