ਕੈਨੇਡਾ ’ਚ ਪੰਜ ਪੰਜਾਬੀ ਨੌਜਵਾਨ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਸਣੇ ਗ੍ਰਿਫ਼ਤਾਰ

Brampton- ਕੈਨੇਡਾ ’ਚ ਪੰਜ ਪੰਜਾਬੀ ਨੌਜਵਾਨਾਂ ਨੂੰ ਡਰੱਗਜ਼ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਪੁਲਿਸ ਦੀ ਸਪੈਸ਼ਲਾਈਜ਼ਡ ਇਨਫੋਰਸਮੈਂਟ ਬਿਊਰੋ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਅਮਨਦੀਪ ਸਿੰਘ (21), ਰਮਨਪ੍ਰੀਤ ਸਿੰਘ (30), ਮਨਿੰਦਰ ਸਿੰਘ (21), ਸਵਰਨਪ੍ਰੀਤ ਸਿੰਘ (20) ਅਤੇ ਜੋਬਨਪ੍ਰੀਤ ਸਿੰਘ (20) ਵਜੋਂ ਹੋਈ ਹੈ ਅਤੇ ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ।
ਇੱਕ ਪ੍ਰੈਸ ਬਿਆਨ ’ਚ, ਪੀਲ ਪੁਲਿਸ ਨੇ ਦੱਸਿਆ ਉਨ੍ਹਾਂ ਨੇ ਬੀਤੇ ਸ਼ੁੱਕਰਵਾਰ ਦੀ ਦੁਪਹਿਰ ਨੂੰ ਹਾਈਵੇਅ 50 ਅਤੇ ਰੁਦਰਫੋਡ ਰੋਡ ਦੇ ਨੇੜੇ ਤਿੰਨ ਲੋਕਾਂ ਨੂੰ ਦੇਖਿਆ ਸੀ। ਇਸ ਮਾਮਲੇ ’ਚ ਸਪੈਸ਼ਲ ਇਨਫੋਰਸਮੈਂਟ ਬਿਊਰੋ ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੇ ਦੋਸ਼ ’ਚ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ।
ਪੁਲਿਸ ਮੁਤਾਬਕ ਉਸੇ ਦਿਨ ਬਾਅਦ ’ਚ ਲਗਭਗ 3.44 ਵਜੇ ਬਰੈਂਪਟਨ ’ਚ ਮਾਊਂਟੇਨਸ਼ ਰੋਡ ਅਤੇ ਬੋਵੈਰਡ ਡਰਾਈਵ ’ਚ ਇੱਕ ਕਾਰ ਦੀ ਜਾਂਚ ਦੌਰਾਨ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਉਨ੍ਹਾਂ ਵਿਰੁੱਧ ਗ਼ੈਰ-ਕਾਨੂੰਨੀ ਢੰਗ ਨਾਲ ਹੈਂਡਗਨ ਰੱਖਣ ਦਾ ਦੋਸ਼ ਲਗਾਇਆ ਗਿਆ। ਚੈਕਿੰਗ ਦੌਰਾਨ ਪੁਲਿਸ ਨੇ ਉਨ੍ਹਾਂ ਕੋਲੋਂ 24-ਰਾਉਂਡ ਦੀ ਸਮਰੱਥਾ ਵਾਲੀਆਂ ਦੋ ਮੈਗਜੀਨਾਂ ਵੀ ਬਰਾਮਦ ਕੀਤੀਆਂ ਗਈਆਂ। ਮਾਮਲੇ ਦੀ ਅਦਾਲਤ ’ਚ ਸੁਣਵਾਈ ਤੱਕ ਇਹ ਸਾਰੇ ਪੁਲਿਸ ਹਿਰਾਸਤ ’ਚ ਰਹਿਣਗੇ।