Washington – ਸੋਚੋ ਉਦੋਂ ਕੀ ਹੋਵੇਗਾ ਜਦੋਂ ਕੋਈ ਕਿਸੇ ਜਹਾਜ਼ ਦੇ ਅੰਦਰ ਹੋਵੇ ਅਤੇ ਉਦੋਂ ਅਚਾਨਕ ਹੀ ਜਹਾਜ਼ 15 ਹਜ਼ਾਰ ਫੁੱਟ ਹੇਠਾਂ ਡਿੱਗਣ ਵਾਲਾ ਹੋਵੇ। ਯਕੀਕਨ ਇਹ ਭਿਆਨਕ ਅਨੁਭਵ ਰੌਂਗਟੇ ਖੜ੍ਹੇ ਕਰਨ ਦੇਵੇਗਾ ਪਰ ਅਜਿਹਾ ਅਸਲ ’ਚ ਵਾਪਰਿਆ ਹੈ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਅਮਰੀਕਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਉੱਤਰੀ ਕੈਰੋਲਿਨਾ ਦੇ ਚਾਰਲੈਟ ਤੋਂ ਫਲੋਰਿਡਾ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਇੱਕ ਫਲਾਈਟ ਅਚਾਨਕ ਉਡਾਣ ਸੰਭਾਵਿਤ ਦਬਾਅ ਕਾਰਨ ਤਿੰਨ ਮਿੰਟਾਂ ’ਚ ਹੀ 15,000 ਫੁੱਟ ਤੋਂ ਹੇਠਾਂ ਆ ਗਈ। ਇਸ ਦੌਰਾਨ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਪਾਇਲਟ ਨੇ ਸਮਾਂ ਰਹਿੰਦਿਆਂ ਜਹਾਜ਼ ਨੂੰ ਹੇਠਾਂ ਡਿੱਗਣ ਨਹੀਂ ਦਿੱਤਾ ਅਤੇ ਇਸ ਨੂੰ ਪਹਿਲਾਂ ਹੀ ਸੰਭਾਲ ਲਿਆ।
ਇਸ ਖੌਫ਼ਨਾਕ ਮੰਜ਼ਰ ਬਾਰੇ ਫਲੋਰਿਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਰੀਸਨ ਹੋਵ ਨੇ ਸੋਸ਼ਲ ਮੀਡੀਆ ’ਤੇ ਆਪਣੀ ਆਪ ਬੀਤੀ ਸਾਂਝੀ ਕੀਤੀ ਹੈ। ਉਨ੍ਹਾਂ X (ਟਵਿੱਟਰ) ’ਤੇ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ‘‘ਮੈਂ ਬਹੁਤ ਉਡਾਣਾਂ ’ਚ ਸਫ਼ਰ ਕੀਤਾ ਹੈ। ਇਹ ਡਰਾਉਣਾ ਸੀ।’’ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ’ਚ ਜਹਾਜ਼ ਅੰਦਰ ਆਕਸੀਜਨ ਦੇ ਮਾਸਕ ਲਟਕਦੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਕਈ ਯਾਤਰੀ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕੈਪਸ਼ਨ ’ਚ ਲਿਖਿਆ, ‘‘ਅਮਰੀਕਨ ਏਅਰ 5916 ਦੇ ਸਾਡੇ ਸ਼ਾਨਦਾਰ ਕਰੂ-ਕੈਬਿਨ ਸਟਾਫ਼ ਅਤੇ ਪਾਇਲਟਾਂ ਨੂੰ ਵਧਾਈ।’’ ਉਨ੍ਹਾਂ ਅੱਗੇ ਲਿਖਿਆ, ‘‘ਤਸਵੀਰਾਂ ਜਲਣ ਦੀ ਬਦਬੂ, ਤੇਜ਼ ਧਮਾਕੇ ਜਾਂ ਕੰਨਾਂ ’ਚ ਆਵਾਜ਼ ਨੂੰ ਕੈਦ ਨਹੀਂ ਕਰ ਸਕਦੀਆਂ।’’