ਫ਼ਰਜੀਵਾੜਾ ਹੈ 5 ਮਰਲਿਆਂ ਦੇ ਪਲਾਟਾਂ ਲਈ ਚੰਨੀ ਦੇ ਕਾਗਜ ਦਾ ਟੁੱਕੜਾ : ਮਨੀਸ਼ ਸਿਸੋਦੀਆ

ਜਲੰਧਰ : ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਨੁਸ਼ੂਚਿਤ ਜਾਤੀਆਂ ਨਾਲ ਸੰਬੰਧਿਤ ਬੇਘਰੇ ਲੋਕਾਂ ਨੂੰ ਵੰਡੇ ਜਾ ਰਹੇ ਪੰਜ- ਪੰਜ ਮਰਲਾ ਪਲਾਟ ਦੀ ਆੜ ਵਿਚ ਰੋਜ਼ਗਾਰ ਕਾਰਡਾਂ ਦੀ ਤਰ੍ਹਾਂ ਗੁੰਮਰਾਹ ਕਰਨ ਵਾਲਾ ਫ਼ਰਜੀਵਾੜਾ ਕਰਾਰ ਦਿੱਤਾ ਹੈ।

ਮਨੀਸ਼ ਸਿਸੋਦੀਆ ਸ਼ਨੀਵਾਰ ਨੂੰ ਪੰਜਾਬ ਦੇ ਇਕ ਰੋਜ਼ਾ ਦੌਰੇ ਦੌਰਾਨ ਜਲੰਧਰ ਵਿੱਚ ਮੀਡੀਆ ਦੇ ਰੂਬਰੂ ਹੋਏ ਸਨ ਅਤੇ ਇਸ ਮੌਕੇ ਉਨ੍ਹਾਂ ਨਾਲ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਐਸ.ਸੀ ਵਿੰਗ ਪੰਜਾਬ ਦੇ ਪ੍ਰਧਾਨ ਲਾਲਚੰਦ ਕਟਾਰੂਚੱਕ, ਪਾਰਟੀ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ ਥਿਆੜਾ ਵੀ ਮੌਜ਼ੂਦ ਸਨ।

ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਸ਼ਕਤੀ ਨਗਰ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਚ ਮੱਥਾ ਟੇਕਿਆ ਅਤੇ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਕੱਢੀ ਗਈ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਜਲੰਧਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਿਸ ਤਰ੍ਹਾਂ 2017 ਵਿਚ ਚੋਣਾ ਤੋਂ ਤਿੰਨ ਮਹੀਨੇ ਪਹਿਲਾ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਝਾਂਸੇ ਵਿਚ ਫਸਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦੇ ਕਾਰਡ ਵੰਡੇ ਸਨ ਅਤੇ ਬੇਰੁਜ਼ਗਾਰਾਂ ਨੂੰ ਘਰ-ਘਰ ਨੌਕਰੀਆਂ ਦੇ ਨਾਂਅ ’ਤੇ ਰੋਜ਼ਗਾਰ ਕਾਰਡ ਵੰਡੇ ਸਨ।

ਕਾਰਡ ਧਾਰਕਾਂ ਨੂੰ ਰੋਜ਼ਗਾਰ ਨਾ ਮਿਲਣ ਤੱਕ ਭੱਤਾ ਦੇਣ ਦੀ ਗੱਲ ਕੀਤੀ ਸੀ ਪਰ ਸਾਢੇ ਚਾਰ ਸਾਲ ਤੱਕ ਕੈਪਟਨ ਅਤੇ ਕਾਂਗਰਸ ਨੂੰ ਕਿਸੇ ਕਾਰਡ ਦੀ ਯਾਦ ਤੱਕ ਨਹੀਂ ਆਈ। ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਤਾਂ ਬਣ ਗਏ ਪਰ ਉਹ ਆਪਣੀ ਹੀ ਪਾਰਟੀ ਦੇ ਰੋਜ਼ਗਾਰ ਅਤੇ ਹੋਰ ਕਾਰਡਾਂ ਨੂੰ ਭੁੱਲ ਕੇ ਨਵੇਂ ਕਾਰਡ ਦੀ ਪੁਰਾਣੀ ਖੇਡ ਖੇਡਣ ਲੱਗੇ ਹਨ।

ਚੰਨੀ ਸਰਕਾਰ ਵੱਲੋਂ ਪੰਜ-ਪੰਜ ਮਰਲੇ ਦੇ ਪਲਾਟਾਂ ਲਈ ਕਾਰਡ ਵੰਡਣ ਦੀ ਸਖ਼ਤ ਅਲੋਚਨਾ ਕਰਦਿਆ ਮਨੀਸ਼ ਸਿਸੋਦੀਆ ਨੇ ਕਿਹਾ ਕਿ ਚੰਨੀ ਹੁਣ ਪੰਜਾਬ ਦੇ ਬੇਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇ ਸੁਫ਼ਨੇ ਦਿਖਾਉਣ ਲੱਗੇ ਹਨ।

ਟੀਵੀ ਪੰਜਾਬ ਬਿਊਰੋ