Ottawa- ਕੈਨੇਡਾ ਦੀ ਫੈਡਰਲ ਪੁਲਿਸ ਫੋਰਸ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ’ਚ ਇਹ ਦੱਸਿਆ ਗਿਆ ਹੈ ਕਿ ਰਾਇਲ ਕੈਨੇਡੀਅਨ ਏਅਰ ਫੋਰਸ ਦੇ ਸਾਬਕਾ ਪਾਇਲਟ ਚੀਨ ਦੇ ਫੌਜੀ ਕਰਮਚਾਰੀਆਂ ਨੂੰ ਸਿਖਲਾਈ ਦੇ ਰਹੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਆਰ. ਸੀ. ਐਮ. ਪੀ. ਨੂੰ ਪੀਪਲਜ਼ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ ਦੇ ਪਾਇਲਟਾਂ ਨੂੰ ਸਿਖਲਾਈ ਦੇਣ ’ਚ ਸਾਬਕਾ ਆਰ. ਸੀ. ਐਮ. ਪੀ. ਪਾਇਲਟਾਂ ਦੀ ਸ਼ਮੂਲੀਅਤ ਬਾਰੇ ਪਤਾ ਹੈ। ਉਨ੍ਹਾਂ ਕਿਹਾ, ‘‘ਕਿਉਂਕਿ ਆਰ. ਸੀ. ਐਮ. ਪੀ. ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ, ਇਸ ਸਮੇਂ ਇਸ ਮਾਮਲੇ ’ਤੇ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ।’’
ਇੱਕ ਮੀਡੀਆ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਆਰ. ਸੀ. ਐਮ. ਪੀ. ਦੇ ਤਿੰਨ ਸਾਬਕਾ ਲੜਾਕੂ ਪਾਇਲਟ ਦੱਖਣੀ ਅਫਰੀਕਾ ਦੀ ਟੈਸਟ ਫਲਾਇੰਗ ਅਕੈਡਮੀ (ਟੀ. ਐੱਫ. ਏ. ਐੱਸ. ਏ.) ਰਾਹੀਂ ਚੀਨੀ ਫੌਜੀ ਪਾਇਲਟਾਂ ਨੂੰ ਸਿਖਲਾਈ ਦੇ ਰਹੇ ਹਨ। ਮੁਨਾਫ਼ੇ ਵਾਲੀ ਛੇ-ਅੰਕੜੀ ਤਨਖਾਹਾਂ ਦੀ ਪੇਸ਼ਕਸ਼ ਕਰਕੇ, ਦੱਖਣੀ ਅਫ਼ਰੀਕਾ ਦੇ ਪੱਛਮੀ ਕੇਪ ਸੂਬੇ ਦੇ ਫਲਾਈਟ ਸਕੂਲ ਨੇ ਕਥਿਤ ਤੌਰ ’ਤੇ ਯੂ.ਕੇ., ਕੈਨੇਡਾ ਅਤੇ ਹੋਰ ਨਾਟੋ ਦੇਸ਼ਾਂ ਦੇ ਸਾਬਕਾ ਫੌਜੀ ਪਾਇਲਟਾਂ ਨੂੰ ਆਕਰਸ਼ਿਤ ਕੀਤਾ ਹੈ। ਟੀ. ਐੱਫ. ਏ. ਐੱਸ. ਏ. ਨੇ ਕਥਿਤ ਤੌਰ ’ਤੇ ਦੱਖਣੀ ਅਫਰੀਕਾ ਅਤੇ ਚੀਨ ਦੋਹਾਂ ਦੇਸ਼ਾਂ ’ਚ ਚੀਨੀ ਫੌਜੀ ਅਤੇ ਨਾਗਰਿਕ ਪਾਇਲਟਾਂ ਨੂੰ ਸਿਖਲਾਈ ਦੇਣ ਲਈ ਇਕਰਾਰਨਾਮੇ ਕੀਤੇ ਹਨ।
ਉੱਧਰ ਇੱਕ ਬਿਆਨ ’ਚ ਦੱਖਣੀ ਅਫ਼ਰੀਕਾ ਦੇ ਫਲਾਈਟ ਸਕੂਲ ਨੇ ਪੁਸ਼ਟੀ ਕੀਤੀ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਨ੍ਹਾਂ ਦੇ ਕਰਮਚਾਰੀਆਂ ਤੱਕ ਪਹੁੰਚ ਕੀਤੀ ਹੈ। ਸਕੂਲ ਦਾ ਕਹਿਣਾ ਹੈ ਕਿ ਉਸਦੀ ਸਿਖਲਾਈ ’ਚ ਨਾਟੋ ਰਣਨੀਤੀ ਅਤੇ ਫਰੰਟਲਾਈਨ ਉਪਕਰਣ ਵਰਗੀ ਸੰਵੇਦਨਸ਼ੀਲ ਜਾਂ ਵਰਗੀਕ੍ਰਿਤ ਜਾਣਕਾਰੀ ਸ਼ਾਮਿਲ ਨਹੀਂ ਹੈ।
ਜੂਨ ’ਚ ਟੀ. ਐੱਫ. ਏ. ਐੱਸ. ਏ. ਅਤੇ ਹੋਰ ਵਿਦੇਸ਼ੀ ਫਲਾਈਟ ਸਕੂਲਾਂ ਨੂੰ ਪੱਛਮੀ ਅਤੇ ਨਾਟੋ ਸਰੋਤਾਂ ਦੀ ਵਰਤੋਂ ਕਰਦੇ ਹੋਏ ਚੀਨੀ ਫੌਜੀ ਪਾਇਲਟਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਅਮਰੀਕੀ ਨਿਰਯਾਤ ਪਾਬੰਦੀਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਯੂਐਸ ਡਿਪਾਰਟਮੈਂਟ ਆਫ਼ ਕਾਮਰਸ ਨੇ 12 ਜੂਨ ਦੇ ਫੈਸਲੇ ’ਚ ਕਿਹਾ ਕਿ ਇਹ ਗਤੀਵਿਧੀਆਂ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਹਿੱਤਾਂ ਦੇ ਉਲਟ ਹੈ। ਪਾਬੰਦੀਆਂ ਦੇ ਬਾਵਜੂਦ, ਫਲਾਈਟ ਸਕੂਲ ਦਾ ਕਹਿਣਾ ਹੈ ਕਿ ਉਸਨੇ ਕੁਝ ਵੀ ਗੈਰ-ਕਾਨੂੰਨੀ ਨਹੀਂ ਕੀਤਾ ਹੈ।