PAU ਦੇ ਸਾਬਕਾ ਸਾਇਕਲ ਚਾਲਕ ਨੇ ਕੈਨੇਡਾ ਵਿਚ ਬਿਮਾਰ ਬੱਚਿਆਂ ਲਈ ਕੀਤਾ ਫੰਡ ਇਕੱਤਰ

ਲੁਧਿਆਣਾ : ਪੀ.ਏ.ਯੂ. ਦੇ ਸਾਬਕਾ ਅਧਿਆਪਕ ਅਤੇ ਸਾਇਕਲ ਚਾਲਕ ਸ੍ਰੀ ਸੰਦੀਪ ਬਜਾਜ ਨੇ ਅਗਸਤ ਮਹੀਨੇ ਵਿਚ ਕੈਨੇਡਾ ਵਿਚ ਸਿੱਕ ਕਿੱਡਜ਼ ਫਾਊਂਡੇਸ਼ਨ ਲਈ 965 ਕਿਲੋਮੀਟਰ ਸਾਇਕਲ ਚਲਾ ਕੇ ਲਗਭਗ 21,000 ਕੈਨੇਡੀਅਨ ਡਾਲਰ ਦਾ ਫੰਡ ਇਕੱਠਾ ਕੀਤਾ ਹੈ। ਇਹ ਫੰਡ ਉਹਨਾਂ ਨੇ ਕੈਨੇਡਾ ਦੇ ਗਰੇਟ ਸਾਇਕਲਿੰਗ ਚੈਂਲੇਜ 2021 ਵਿਚ ਹਿੱਸਾ ਲੈਂਦਿਆਂ ਇਕੱਤਰ ਕੀਤਾ।

2016 ਨੂੰ ਸ਼ੁਰੂ ਹੋਇਆ ਇਹ ਈਵੈਂਟ ਕੈਨੇਡਾ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਉਹਨਾਂ ਦੀ ਇਸ ਪਹਿਲਕਦਮੀ ਨਾਲ ਦੁਨੀਆਂ ਭਰ ਤੋਂ ਲੋਕਾਂ ਨੇ ਇਸ ਪਵਿੱਤਰ ਕੰਮ ਲਈ ਦਾਨ ਦਿੱਤਾ। ਉਹ ਕੈਨੇਡਾ ਦੇ ਸਿਖਰਲੇ 10 ਸਾਇਕਲ ਚਾਲਕਾਂ ਵਿਚੋਂ ਇਕ ਹਨ ਜਿਨਾਂ ਨੇ ਬਿਮਾਰ ਬੱਚਿਆਂ ਦੀ ਫਾਊਂਡੇਸ਼ਨ ਲਈ ਇਸ ਈਵੈਂਟ ਵਿਚ ਹਿੱਸਾ ਲਿਆ। ਉਹਨਾਂ ਵੱਲੋਂ ਇਕੱਤਰ ਕੀਤੀ ਰਾਸ਼ੀ ਬਿਮਾਰ ਅਤੇ ਕੈਂਸਰ ਤੋਂ ਪੀੜਤ ਬੱਚਿਆਂ ਉੱਪਰ ਖਰਚ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਬੱਚਿਆਂ ਦੇ ਕੈਂਸਰ ਬਾਰੇ ਖੋਜ ਵੀ ਇਸ ਫੰਡ ਰਾਹੀਂ ਸੰਭਵ ਹੋ ਸਕੇਗੀ। ਜ਼ਿਕਰਯੋਗ ਹੈ ਕਿ ਸ੍ਰੀ ਬਜਾਜ ਪੀ.ਏ.ਯੂ. ਵਿਚ ਸਾਇਕਲਿੰਗ ਕਰਕੇ ਰੋਲ ਆਫ ਆਨਰ ਬਣੇ। ਉਹਨਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਇਕਲਿੰਗ ਚੈਪੀਅਨਸ਼ਿਪ ਵਿਚ ਹਿੱਸਾ ਲਿਆ।

ਕੈਨੇਡਾ ਜਾਣ ਤੋਂ ਪਹਿਲਾਂ ਉਹ ਇਕ ਅਧਿਆਪਕ ਵਜੋਂ ਪੀ.ਏ.ਯੂ. ਵਿਚ ਕਾਰਜਸ਼ੀਲ ਸਨ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸ੍ਰੀ ਸੰਦੀਪ ਬਜਾਜ ਨੂੰ ਇਸ ਪਵਿੱਤਰ ਕਾਰਜ ਲਈ ਵਧਾਈ ਦਿੱਤੀ।

ਟੀਵੀ ਪੰਜਾਬ ਬਿਊਰੋ