ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ, ਉੱਘੇ ਹੋਟਲ ਤੇ ਟਰਾਂਸਪੋਰਟ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਉਹ ਕਰੀਬ 85 ਵਰ੍ਹਿਆਂ ਦੇ ਸਨ। ਚੱਢਾ ਪਰਿਵਾਰ ਅਨੁਸਾਰ ਚਰਨਜੀਤ ਸਿੰਘ ਚੱਢਾ ਦਾ ਅੰਤਿਮ ਸੰਸਕਾਰ ਕੱਲ੍ਹ 4 ਦਸੰਬਰ ਨੂੰ ਕੀਤਾ ਜਾਵੇਗਾ।
ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ਵਿਚ ਮੌਤ
ਫ਼ਿਰੋਜ਼ਪੁਰ : ਬੀਤੀ ਰਾਤ ਫ਼ਿਰੋਜ਼ਪੁਰ-ਜ਼ੀਰਾ ਮੁੱਖ ਮਾਰਗ ‘ਤੇ ਪਿੰਡ ਭੜਾਣਾ ਦੇ ਨਜ਼ਦੀਕ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਭੁੱਲਰ (29) ਪੁੱਤਰ ਸ਼ਵਿੰਦਰ ਸਿੰਘ ਭੁੱਲਰ ਵਾਸੀ ਪਿੰਡ ਕਰਮੂਵਾਲਾ ਜੋ ਆਪਣੀ ਗੱਡੀ ‘ਚ ਸਵਾਰ ਹੋ ਖੋਸਾ ਦਲ ਸਿੰਘ ਤੋਂ ਆਪਣੇ ਪਿੰਡ ਕਰਮੂਵਾਲਾ ਆ ਰਿਹਾ ਸੀ ਜਦੋਂ ਉਹ ਭੜਾਣਾ ਨਜ਼ਦੀਕ ਪਹੁੰਚਿਆ ਤਾਂ ਉਸਦੀ ਗੱਡੀ ਬੇਕਾਬੂ ਹੋ ਦਰਖਤ ਵਿਚ ਜਾ ਟਕਰਾਈ। ਨੌਜਵਾਨ ਦਲਜੀਤ ਸਿੰਘ ਭੁੱਲਰ ਦੀ ਇਸ ਭਿਆਨਕ ਐਕਸੀਡੈਂਟ ਵਿਚ ਮੌਕੇ ‘ਤੇ ਮੌਤ ਹੋ ਗਈ।
ਬਲਾਕ ਚੋਗਾਵਾਂ ਦਾ ਬੀ.ਡੀ.ਪੀ.ਓ.ਸਸਪੈਂਡ
ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਦੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬਲਾਕ ਚੋਗਾਵਾਂ ਦੇ ਪੰਚਾਂ ਸਰਪੰਚਾਂ ਦਾ ਕਹਿਣਾ ਹੈ ਕਿ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਉਨ੍ਹਾਂ ਨੂੰ ਖੱਜਲ-ਖ਼ਰਾਬ ਕਰਦਾ ਸੀ। ਉਨ੍ਹਾਂ ਦੱਸਿਆ ਕਿ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਨਾਲ ਮਾੜੇ ਵਤੀਰੇ ਤੇ ਬੋਲ-ਕਬੋਲ ਬੋਲੇ ਜਾਣ ਕਾਰਨ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੀ ਕਰਵਾਈ ਗਈ ਨਿਰਪੱਖ ਜਾਂਚ ਦੌਰਾਨ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ
ਅੰਮ੍ਰਿਤਸਰ : ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪੂਰੇ ਪੰਜਾਬ ਦੇ ਬੱਸ ਸਟੈਂਡ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਮ੍ਰਿਤਸਰ ਬੱਸ ਸਟੈਂਡ ਵਿਖੇ ਬੋਲਦਿਆਂ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਡਿਪੂ ਪ੍ਰਧਾਨ ਕੇਵਲ ਸਿੰਘ, ਸੈਕਟਰੀ ਬਲਜੀਤ ਸਿੰਘ ਜਨਰਲ ਸਕੱਤਰ ਸਿਵਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਲੰਮੇ ਸਮੇਂ ਤੋ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਜਿਸ ਦੇ ਚੱਲਦਿਆਂ ਅੱਜ ਪੰਜਾਬ ਦੇ ਬੱਸ ਅੱਡਿਆਂ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਟੀਵੀ ਪੰਜਾਬ ਬਿਊਰੋ